ਡੇਰਾਬੱਸੀ, 21 ਜਨਵਰੀ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਡੇਰਾਬੱਸੀ ਰੇਲਵੇ ਓਵਰਬਿ੍ਜ 'ਤੇ ਅੱਜ ਦੁਪਹਿਰ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦੋਂ ਇਕ ਚਲਦੇ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਗਈ | ਗ਼ਨੀਮਤ ਰਹੀ ਕਿ ਚਾਲਕ ਨੇ ਸਮਝਦਾਰੀ ਵਰਤਦਿਆਂ ਸਮੇਂ ਸਿਰ ਮੋਟਰਸਾਈਕਲ ਤੋਂ ਉਤਰ ਕੇ ਆਪਣੀ ਜਾਨ ਬਚਾ ਲਈ, ਹਾਲਾਂਕਿ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਰਸਵਤੀ ਵਿਹਾਰ ਦੇ ਰਹਿਣ ਵਾਲੇ ਅਨੁਜ ਧੀਮਾਨ ਪੁੱਤਰ ਅਤਰ ਸਿੰਘ ਨਾਲ ਵਾਪਰਿਆ | ਅਨੁਜ ਆਪਣੇ ਸੁਜ਼ੂਕੀ ਜਿਕਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੰਡੀਗੜ੍ਹ ਵੱਲ ਜਾ ਰਿਹਾ ਸੀ | ਅਨੁਜ ਨੇ ਦੱਸਿਆ ਕਿ ਜਿਵੇਂ ਹੀ ਉਹ ਰੇਲਵੇ ਓਵਰਬਿ੍ਜ 'ਤੇ ਚੜਿ੍ਹਆ ਤਾਂ ਉਸ ਨੂੰ ਇੰਜਣ ਦੇ ਕੋਲੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ | ਉਸ ਨੇ ਤੁਰੰਤ ਮੋਟਰਸਾਈਕਲ ਰੋਕ ਕੇ ਸਟੈਂਡ 'ਤੇ ਲਗਾਇਆ ਹੀ ਸੀ ਕਿ ਦੇਖਦੇ ਹੀ ਦੇਖਦੇ ਅੱਗ ਭੜਕ ਗਈ | ਅੱਗ ਸ਼ਾਰਟ-ਸਰਕਟ ਕਾਰਨ ਲੱਗੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਇਸੇ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਜਦਕਿ ਇਕ ਆਟੋ ਚਾਲਕ ਨੇ ਪਾਣੀ ਦੀ ਬੋਤਲ ਨਾਲ ਅਤੇ ਇਕ ਕਾਰ ਚਾਲਕ ਨੇ ਆਪਣੀ ਗੱਡੀ 'ਚ ਰੱਖੇ 'ਫਾਇਰ ਐਕਸਟਿੰਗੂਇਸ਼ਰ' ਦੀ ਵਰਤੋਂ ਵੀ ਕੀਤੀ, ਪਰ ਅੱਗ ਇੰਨੀ ਤੇਜ਼ ਸੀ ਕਿ ਉਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ | ਅੱਗ ਪੈਟਰੋਲ ਵਾਲੀਟੈਂਕੀ ਦੇ ਹੇਠਾਂ ਤੋਂ ਸ਼ੁਰੂ ਹੋਈ ਸੀ, ਜਿਸ ਕਾਰਨ ਮੋਟਰਸਾਈਕਲ ਦੀਆਂ ਸਾਰੀਆਂ ਪਾਈਪਾਂ, ਰਬੜ ਸੀਲਾਂ ਅਤੇ ਅਗਲਾ-ਪਿਛਲਾ ਟਾਇਰ ਬੁਰੀ ਤਰ੍ਹਾਂ ਸੜ ਗਏ | ਸੜਕ ਦੇ ਵਿਚਕਾਰ ਮੋਟਰਸਾਈਕਲ ਨੂੰ ਅੱਗ ਲੱਗਣ ਕਾਰਨ ਹਾਈਵੇਅ 'ਤੇ ਕਰੀਬ ਅੱਧਾ ਘੰਟਾ ਜਾਮ ਲੱਗਾ ਰਿਹਾ | ਇਸ ਦੀ ਸੂਚਨਾ ਮਿਲਦਿਆਂ ਹੀ ਡੇਰਾਬੱਸੀ ਟ੍ਰੈਫ਼ਿਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੜੇ ਹੋਏ ਮੋਟਰਸਾਈਕਲ ਨੂੰ ਸਾਈਡ ਕਰਵਾਇਆ ਅਤੇ ਆਵਾਜਾਈ ਸੁਚਾਰੂ ਕਰਵਾਈ |