ਭਾਖੜਾ ’ਚ ਪਾਣੀ ਦੀ ਬੰਦੀ ਕਾਰਨ ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ 65 ਪਿੰਡਾਂ ਦੇ ਕਿਸਾਨ ਪ੍ਰੇਸ਼ਾਨ
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਕਸਬਾ ਝੁਨੀਰ ਕੋਲੋਂ ਲੰਘਦੀ ਭਾਖੜਾ ਨਹਿਰ ‘ਚ ਪਾਣੀ ਦੀ ਬੰਦੀ ਕਾਰਨ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ 65 ਪਿੰਡਾਂ ਦੇ ਕਿਸਾਨ ਪ੍ਰੇਸ਼ਾਨ ਹਨ। ਨਾ ਮਾਤਰ ਮੀਂਹ ਪੈਣ ਅਤੇ ਲੱਗੀ ਔੜ ਕਾਰਨ ਬਹੁਤੇ ਖੇਤਾਂ ‘ਚ ਝੋਨੇ ਦੀ ਬਿਜਾਈ ਵੀ ਨਹੀਂ ਹੋ ਸਕੀ।
ਨ
ਨਹਿਰੀ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਜੋਗਾ ਨੂੰ ਮੰਗ ਪੱਤਰ ਸੌਂਪਦੇ ਹੋਏ ਸਰਦੂਲਗੜ੍ਹ ਖੇਤਰ ਦੇ ਪਿੰਡਾਂ ਦੇ ਨੁਮਾਇੰਦੇ। ਤਸਵੀਰ : ਸੇਮੀ ਮਾਨਸਾ
05-08-2026
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਕਸਬਾ ਝੁਨੀਰ ਕੋਲੋਂ ਲੰਘਦੀ ਭਾਖੜਾ ਨਹਿਰ ‘ਚ ਪਾਣੀ ਦੀ ਬੰਦੀ ਕਾਰਨ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ 65 ਪਿੰਡਾਂ ਦੇ ਕਿਸਾਨ ਪ੍ਰੇਸ਼ਾਨ ਹਨ। ਨਾ ਮਾਤਰ ਮੀਂਹ ਪੈਣ ਅਤੇ ਲੱਗੀ ਔੜ ਕਾਰਨ ਬਹੁਤੇ ਖੇਤਾਂ ‘ਚ ਝੋਨੇ ਦੀ ਬਿਜਾਈ ਵੀ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਹਰਿਆਣਾ ਰਾਜ ਦੇ ਟੋਹਾਣਾ ਹੈੱਡ ਵਰਕਸ ਬਲਿਆਲਾ ਤੋਂ 7 ਨਹਿਰਾਂ ਨਿਕਲਦੀਆਂ ਹਨ, ਜਿਨ੍ਹਾਂ ‘ਚ ਭਾਖੜਾ ਮੁੱਖ ਬਰਾਂਚ ਵੀ ਸ਼ਾਮਿਲ ਹੈ, ਜੋ ਪੰਜਾਬ ਦੇ ਇੱਧਰਲੇ 2 ਜ਼ਿਲ੍ਹਿਆਂ ਦੇ ਪਿੰਡਾਂ ‘ਚੋਂ ਗੁਜ਼ਰਦੀ ਹੈ ਜਦਕਿ ਬਾਕੀ 6 ਨਹਿਰਾਂ ਹਰਿਆਣਾ ‘ਚ ਹੀ ਵਗਦੀਆਂ ਹਨ। ਕਾਬਲੇ-ਗ਼ੌਰ ਰਹੇ ਭਾਖੜਾ ਮੇਨ ਬਰਾਂਚ ‘ਚ 15 ਦਿਨ ਪਾਣੀ ਵਗਦਾ ਹੈ ਜਦਕਿ 15 ਰੋਜ਼ ਬੰਦੀ ਰਹਿੰਦੀ ਹੈ। ਹਰਿਆਣਾ ‘ਚ ਚੋਟਾਲਿਆਂ ਦੇ ਰਾਜ ਦੌਰਾਨ ਇਸ ਨਹਿਰ ‘ਚ ਮਹੀਨਾ ਭਰ ਹੀ ਪਾਣੀ ਵਗਦਾ ਸੀ ਅਤੇ ਕੋਈ ਬੰਦੀ ਨਹੀਂ ਹੁੰਦੀ ਸੀ। ਉਸ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਦੇ ਰਾਜ ਵੇਲੇ ਨਵੀਂ ਨੀਤੀ ਤਹਿਤ ਪਾਣੀ ਦੀ ਬੰਦੀ 15 ਦਿਨ ਕਰ ਦਿੱਤੀ ਅਤੇ ਸਿਰਫ਼ 400 ਕਿਊਸਕ ਪਾਣੀ ਛੱਡਣ ਦਾ ਹੀ ਫ਼ੈਸਲਾ ਕੀਤਾ ਗਿਆ। ਇਹ ਪਾਣੀ ਵੀ ਘੱਟ ਮਾਤਰਾ ‘ਚ ਆਉਂਦਾ ਹੈ, ਜੋ ਕੁਝ ਪਿੰਡਾਂ ‘ਚ ਜਾ ਕੇ ਖ਼ਤਮ ਹੋ ਜਾਂਦਾ ਹੈ। ਭਾਖੜਾ ‘ਚ ਬੰਦੀ ਕਾਰਨ ਇਸ ‘ਚੋਂ ਨਿਕਲਦੀਆਂ ਛੋਟੀਆਂ ਨਹਿਰਾਂ ਜਿਵੇਂ ਨਿਊ ਢੰਡਾਲ ਬਰਾਂਚ ਅਤੇ ਹੋਰ ਕੱਸੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਬੰਦੀ ਚੱਲ ਰਹੀ ਹੈ। ਇਸ ਵਾਰ ਝੋਨੇ ਦੀ ਲਵਾਈ ਪਹਿਲਾਂ ਹੀ ਲੇਟ ਹੋ ਗਈ ਹੈ ਅਤੇ ਇਨ੍ਹੀਂ ਦਿਨੀਂ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦੀ ਬਜਾਈ ਦਾ ਕੰਮ ਚੱਲ ਰਿਹਾ ਸੀ, ਜੋ ਨਹਿਰੀ ਬੰਦੀ ਕਾਰਨ ਕਾਫ਼ੀ ਖੇਤਾਂ ‘ਚ ਫ਼ਸਲ ਦੀ ਬਜਾਈ ਨਹੀਂ ਹੋ ਸਕੀ। ਜੇਕਰ ਪਾਣੀ ਦੀ ਬੰਦੀ ਹੋਰ ਲੰਮਾ ਸਮਾਂ ਜਾਰੀ ਰਹਿੰਦੀ ਹੈ ਤਾਂ ਇੱਧਰਲੇ ਇਲਾਕੇ ਦੇ ਕਾਫ਼ੀ ਪਿੰਡਾਂ ‘ਚ ਝੋਨੇ ਪਹਿਲਾਂ ਬੀਜੀ ਹੋਈ ਫ਼ਸਲ ਵੀ ਪ੍ਰਭਾਵਿਤ ਹੋਵੇਗੀ ਅਤੇ ਉਤਪਾਦਨ ਦਾ ਵੀ ਵੱਡਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਇਹਨਾਂ ਦਿਨਾਂ ਦੌਰਾਨ ਨਿਊ ਢੰਡਾਲ ਨਹਿਰ ਲਗਾਤਾਰ ਕਾਫ਼ੀ ਪਾਣੀ ਚੱਲਦਾ ਰਿਹਾ ਹੈ ਪਰ ਇਸ ਸਾਲ ਇਸ ਬੰਦੀ ਕਰ ਕੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਸਰਦੂਲਗੜ੍ਹ ਖੇਤਰ ਦੇ ਘੱਗਰ ਤੋਂ ਪਾਰਲੇ ਪਿੰਡਾਂ ‘ਚ ਧਰਤੀ ਹੇਠਲਾ ਪਾਣੀ ਖਾਰਾ ਹੈ ਅਤੇ ਸਿਰਫ਼ ਨਹਿਰ ਦੇ ਪਾਣੀ ਨਾਲ ਸਿੰਚਾਈ ਉੱਪਰ ਹੀ ਖੇਤਾਂ ਦੀ ਨਿਰਭਰਤਾ ਰਹਿੰਦੀ ਹੈ। ਕਿਸਾਨਾਂ ਦਾ ਵਫ਼ਦ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲਿਆ ਉੱਧਰ ਅੱਜ ਸਰਦੂਲਗੜ੍ਹ ਹਲਕੇ ਦੇ ਪਿੰਡ ਮਾਨਖੇੜਾ, ਨਾਹਰਾਂ, ਖੈਰਾ ਕਲਾਂ, ਖੈਰਾ ਖ਼ੁਰਦ, ਕਰੰਡੀ, ਝੰਡਾ ਕਲਾਂ ਦੇ ਕਿਸਾਨਾਂ ਤੇ ਪੰਚਾਇਤੀ ਨੁਮਾਇੰਦਿਆਂ ਦਾ ਵਫ਼ਦ ਨਹਿਰੀ ਕੋਠੀ ਜਵਾਹਰਕੇ ਵਿਖੇ ਪਹੁੰਚਿਆ। ਉਨ੍ਹਾਂ ਨਹਿਰੀ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਜੋਗਾ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਦੇ ਮਸਲੇ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇ ਅਤੇ ਜਲਦ ਹੀ ਇਸ ਖੇਤਰ ਨੂੰ ਨਹਿਰੀ ਪਾਣੀ ਦੀ ਸਪਲਾਈ ਲਗਾਤਾਰ ਯਕੀਨੀ ਬਣਾਈ ਜਾਵੇ। ਵਫ਼ਦ ‘ਚ ਸ਼ਰਨਜੀਤ ਸਿੰਘ, ਗੁਰਦੀਪ ਸਿੰਘ ਮਾਨਖੇੜਾ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ ਨਾਹਰਾਂ, ਰਾਜ ਕੁਮਾਰ, ਵਿਨੋਦ ਕੁਮਾਰ ਕਰੰਡੀ ਦਰਸ਼ਨ ਸਿੰਘ, ਰਵਿੰਦਰ ਸਿੰਘ, ਸਤਿਨਾਮ ਸਿੰਘ, ਲਖਵਿੰਦਰ ਸਿੰਘ ਝੰਡਾ ਕਲਾਂ, ਕਸ਼ਮੀਰ ਸਿੰਘ ਸਾਬਕਾ ਸਰਪੰਚ ਖੈਰਾ ਕਲਾਂ ਆਦਿ ਸ਼ਾਮਿਲ ਸਨ।