ਬਠਿੰਡਾ, 3 ਜੂਨ (ਪੱਤਰ ਪ੍ਰੇਰਕ)- ਸਿਹਤ ਵਿਭਾਗ ਦੇ ਕਾਮਿਆਂ ਵਲੋਂ ਸਿਵਲ ਸਰਜਨ ਬਠਿੰਡਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਿਰੁੱਧ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਸਿਵਲ ਹਸਪਤਾਲ ਬਠਿੰਡਾ 'ਚ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸਿਹਤ ਵਿਭਾਗ ਦੇ ਕਾਮਿਆ ਨੇ ਮੰਗ ਕੀਤੀ ਕਿ ਜੇਕਰ ਉਨਾਂ ਦੀ ਮੰਗ ਤੇ ਅਮਲ ਨਾ ਕੀਤਾ ਗਿਆ ਤਾ ਸਿਹਤ ਸੇਵਾਵਾਂ ਅਣਮਿਥੇ ਸਮੇਂ ਲਈ ਬੰਦ ਰਹਿਣਗੀਆਂ | ਇਸ ਮੌਕੇ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਕੇਸ ਬਾਬਤ ਚੰਡੀਗੜ੍ਹ ਦਫ਼ਤਰ ਵਲੋਂ ਇੱਕ ਇਨਕੁਆਰੀ ਕਮੇਟੀ ਗਠਿਤ ਕੀਤੀ ਗਈ, ਜਿਸ ਵਿਚ ਡਿਪਟੀ ਡਾਇਰੈਕਟਰ, ਡਾਕਟਰ ਰੋਹਿਣੀ ਗੋਇਲ, ਡਾਕਟਰ ਸੋਨੀਆ ਅਤੇ ਡਾਕਟਰ ਤਰਨਜੀਤ ਕੌਰ ਸ਼ਾਮਲ ਸਨ | ਇਸ ਇਨਕੁਆਰੀ ਕਮੇਟੀ ਵਲੋਂ ਜਥੇਬੰਦੀ ਦੇ ਹਾਜ਼ਰ ਮੈਂਬਰਾਂ ਵਿਚ ਇਹ ਗੱਲ ਤੇ ਸਹਿਮਤੀ ਬਣੀ ਕਿ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਛੁੱਟੀ ਤੇ ਰਹਿਣਗੇ, ਜਦੋਂ ਤੱਕ ਇਹ ਪੜਤਾਲ ਪੂਰੀ ਨਹੀਂ ਹੁੰਦੀ, ਚੰਡੀਗੜ੍ਹ ਵਲੋਂ ਆਈ ਟੀਮ ਨੇ ਇਹ ਭਰੋਸਾ ਦਿਵਾਇਆ ਸੀ ਕਿ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਵਿਰੁੱਧ ਕੀਤੀ ਜਾ ਰਹੀ ਪੜਤਾਲ ਨੂੰ ਸਮਾਂਬੱਧ ਕੀਤਾ ਜਾਵੇਗਾ | ਪਰ ਕੋਈ ਵੀ ਕਾਰਵਾਈ ਨਹੀ ਕੀਤੀ ਗਈ | ਜਿਸ ਦੇ ਰੋਸ ਵਜੋਂ ਉਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉੱਧਰ ਇਲਾਜ ਲਈ ਸਿਵਲ ਹਸਪਤਾਲ ਵਿਚ ਦੂਰ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਆਏ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ |