ਬਠਿੰਡਾ, 21 ਜਨਵਰੀ (ਪੱਤਰ ਪ੍ਰੇਰਕ)-ਬਠਿੰਡਾ ਸ਼ਹਿਰ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਸ਼ੱਕ ਤਹਿਤ ਹੁਣ ਵਿਜੀਲੈਂਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ | ਪ੍ਰੀਖਿਆਰਥੀਆਂ ਵਲੋਂ 21 ਦਸੰਬਰ ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਲਈ ਹੋਈ ਪ੍ਰੀਖਿਆ 'ਚ ਜਿੱਥੇ ਗੜਬੜੀ ਦੇ ਦੋਸ਼ ਲਗਾਏ ਗਏ ਸਨ, ਉੱਥੇ ਹੀ ਇਸ ਮਾਮਲੇ ਦੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਨੂੰ ਕੀਤੀਆਂ ਗਈਆਂ ਸਨ | ਜਿਸ ਮਗਰੋਂ ਅਧੀਨ ਸੇਵਾਵਾਂ ਚੋਣ ਬੋਰਡ ਨੇ ਭਰਤੀ ਪ੍ਰੀਖਿਆ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ | ਦੱਸਣਾ ਬਣਦਾ ਹੈ, ਕਿ 21 ਦਸੰਬਰ 2025 ਨੂੰ ਗਰੁੱਪ ਬੀ ਦੀਆਂ ਅਸਾਮੀਆਂ ਲਈ ਗੁਰੂ ਨਾਨਕ ਦੇਵ ਵਰਸਿਟੀ ਵਲੋਂ ਪੰਜਾਬ ਭਰ 'ਚ ਪ੍ਰੀਖਿਆ ਲਈ ਗਈ ਸੀ | ਜਿਸ 'ਚ ਇਕ ਲੱਖ ਤੋਂ ਜ਼ਿਆਦਾ ਪ੍ਰੀਖਿਆਰਥੀਆਂ ਨੇ ਭਾਗ ਲਿਆ ਸੀ | ਭਰਤੀ ਪ੍ਰੀਖਿਆ ਦਾ ਨਤੀਜਾ 9 ਜਨਵਰੀ ਨੂੰ ਐਲਾਨ ਹੋਣ ਮਗਰੋਂ ਬਠਿੰਡਾ 'ਚ ਮੈਰਿਟ ਸੂਚੀ 'ਚ ਆਏ ਪ੍ਰੀਖਿਆਰਥੀਆਂ 'ਤੇ ਸ਼ੱਕ ਦੀ ਉਂਗਲ ਉੱਠਣ ਲੱਗੀ ਸੀ | ਇਸ ਮਾਮਲੇ ਸੰਬੰਧੀ ਪ੍ਰੀਖਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਸਨ | ਇਸ ਮਾਮਲੇ ਸੰਬੰਧੀ ਪ੍ਰੀਖਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਮੰਤਰੀਆਂ ਨੂੰ ਸ਼ਿਕਾਇਤ ਪੱਤਰ ਦਿੱਤੇ ਗਏ ਸਨ | ਜਿਸ ਮਗਰੋਂ ਪੰਜਾਬ ਸਰਕਾਰ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਨੇ ਭਰਤੀ ਪ੍ਰੀਖਿਆ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਹੈ | ਹੁਣ ਇਸ ਮਾਮਲੇ ਦਾ ਖ਼ੁਲਾਸਾ ਵਿਜੀਲੈਂਸ ਦੀ ਰਿਪੋਰਟ ਆਉਣ ਤੋਂ ਬਾਦ ਹੋਵੇਗਾ |