ਚੰਡੀਗੜ੍ਹ ਤੇ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿਚਾਲੇ ਸਾਂਝ ਵਧਾਉਣ ਦੀ ਪਹਿਲ ਮੇਅਰ ਸੌਰਭ ਜੋਸ਼ੀ ਤੇ ਨਿਗਮ ਕਮਿਸ਼ਨਰ ਨਾਲ ਨਿਊਜ਼ੀਲੈਂਡ ਦੇ ਵਫ਼ਦ ਦੀ ਮੁਲਾਕਾਤ
ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਅਤੇ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿਚਾਲੇ ਦੋਸਤਾਨਾ ਸਬੰਧ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਅਹਿਮ ਵਿਚਾਰ-ਵਟਾਂਦਰਾ ਹੋਇਆ। ਰੋਟੋਰੂਆ ਤੋਂ ਆਏ ਦੋ ਮੈਂਬਰੀ ਵਫ਼ਦ ਨੇ ਮੇਅਰ ਸੌਰਭ ਜੋਸ਼ੀ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕਰਕੇ ਸੱਭਿਆਚਾਰਕ ਵਟਾਂਦਰੇ, ਸੈਰ-ਸਪਾਟੇ, ਵਾਤਾਵਰਨ ਦੀ ਸੰਭਾਲ ਅਤੇ ਸ਼ਹਿਰੀ ਵਿਕਾਸ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀਆਂ।
ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਅਤੇ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿਚਾਲੇ ਦੋਸਤਾਨਾ ਸਬੰਧ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਅਹਿਮ ਵਿਚਾਰ-ਵਟਾਂਦਰਾ ਹੋਇਆ। ਰੋਟੋਰੂਆ ਤੋਂ ਆਏ ਦੋ ਮੈਂਬਰੀ ਵਫ਼ਦ ਨੇ ਮੇਅਰ ਸੌਰਭ ਜੋਸ਼ੀ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕਰਕੇ ਸੱਭਿਆਚਾਰਕ ਵਟਾਂਦਰੇ, ਸੈਰ-ਸਪਾਟੇ, ਵਾਤਾਵਰਨ ਦੀ ਸੰਭਾਲ ਅਤੇ ਸ਼ਹਿਰੀ ਵਿਕਾਸ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀਆਂ। ਇਸ ਪਹਿਲ ਦਾ ਉਦੇਸ਼ ਦੋਵਾਂ ਸ਼ਹਿਰਾਂ ਦੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਕੇ ਵਿਕਾਸ ਅਤੇ ਨਾਗਰਿਕ ਪ੍ਰਸ਼ਾਸਨ ਦੇ ਖੇਤਰ ਵਿਚ ਨਵੇਂ ਮੌਕੇ ਪੈਦਾ ਕਰਨਾ ਹੈ। ਵਫ਼ਦ ਵਿਚ ਨਿਊਜ਼ੀਲੈਂਡ ਦੇ ਟੋਈ ਓਹੋਮਾਈ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪਿਮ ਬੋਰੇਨ ਅਤੇ ਵਿਸ਼ੇਸ਼ ਪ੍ਰੋਜੈਕਟਾਂ ਦੇ ਡਾਇਰੈਕਟਰ ਪਰਮਦੀਪ ਸਿੰਘ ਸ਼ਾਮਿਲ ਸਨ। ਮੀਟਿੰਗ ਦੌਰਾਨ ਦੋਵਾਂ ਸ਼ਹਿਰਾਂ ਵਿਚਾਲੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸ਼ਹਿਰੀ ਪ੍ਰਬੰਧਨ ਦੇ ਬਿਹਤਰ ਤਰੀਕਿਆਂ, ਨਵੀਨਤਾ ਅਤੇ ਟਿਕਾਊ ਵਿਕਾਸ ਨਾਲ ਸਬੰਧਤ ਤਜਰਬੇ ਸਾਂਝੇ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਦੌਰਾਨ ਰੋਟੋਰੂਆ ਦੀ ਮੇਅਰ ਤਾਨੀਆ ਟੈਪਸੈੱਲ ਵਲੋਂ ਚੰਡੀਗੜ੍ਹ ਦੇ ਮੇਅਰ ਨੂੰ ਭੇਜੇ ਸੰਦੇਸ਼ ਵਿਚ ਦੋਵਾਂ ਸ਼ਹਿਰਾਂ ਵਿਚਾਲੇ ਦੋਸਤਾਨਾ ਸਬੰਧ ਸਥਾਪਤ ਕਰਨ ਵਿਚ ਦਿਲਚਸਪੀ ਪ੍ਰਗਟਾਈ ਗਈ। ਉਨ੍ਹਾਂ ਰੋਟੋਰੂਆ ਨੂੰ ਅਮੀਰ ਸੱਭਿਆਚਾਰਕ ਵਿਰਾਸਤ, ਮਾਓਰੀ ਸੱਭਿਆਚਾਰ, ਭੂ-ਤਾਪੀ ਕੁਦਰਤੀ ਨਜ਼ਾਰਿਆਂ, ਸੈਰ-ਸਪਾਟੇ ਅਤੇ ਵਾਤਾਵਰਨ ਦੀ ਸੰਭਾਲ ਲਈ ਕੀਤੀਆਂ ਜਾਂਦੀਆਂ ਪਹਿਲਕਦਮੀਆਂ ਵਾਸਤੇ ਪ੍ਰਸਿੱਧ ਦੱਸਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਰੋਟੋਰੂਆ ਦੀਆਂ ਆਪਣੀਆਂ ਵਿਲੱਖਣ ਸੱਭਿਆਚਾਰਕ ਪਛਾਣਾਂ ਅਤੇ ਇਤਿਹਾਸਕ ਵਿਸ਼ੇਸ਼ਤਾਵਾਂ ਹਨ, ਜੋ ਦੋਵਾਂ ਸ਼ਹਿਰਾਂ ਨੂੰ ਇਕ-ਦੂਜੇ ਤੋਂ ਸਿੱਖਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਇਹ ਮੁਲਾਕਾਤ ਚੰਡੀਗੜ੍ਹ ਅਤੇ ਰੋਟੋਰੂਆ ਵਿਚਾਲੇ ਸੰਭਾਵੀ ਸਾਂਝੇਦਾਰੀ ਵੱਲ ਇਕ ਸਕਾਰਾਤਮਕ ਕਦਮ ਮੰਨੀ ਜਾ ਰਹੀ ਹੈ। ਭਵਿੱਖ ਵਿਚ ਦੋਵਾਂ ਸ਼ਹਿਰਾਂ ਵਿਚਾਲੇ ਸੰਸਥਾਗਤ ਸਹਿਯੋਗ, ਸ਼ਹਿਰੀ ਪ੍ਰਬੰਧਨ ਦੇ ਬਿਹਤਰ ਤਰੀਕਿਆਂ ਨੂੰ ਅਪਣਾਉਣ ਅਤੇ ਟਿਕਾਊ ਵਿਕਾਸ ਨਾਲ ਜੁੜੇ ਖੇਤਰਾਂ ਵਿਚ ਸਾਂਝੀਆਂ ਪਹਿਲਕਦਮੀਆਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ, ਨਾਗਰਿਕ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਸੱਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਕੌਮਾਂਤਰੀ ਸਹਿਯੋਗ ਦੇ ਮੌਕਿਆਂ ਦੀ ਭਾਲ ਜਾਰੀ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ।