ਐੱਸ. ਏ. ਐੱਸ. ਨਗਰ, 9 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਕਮੇਟੀ ਆਫ਼ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਐਂਡ ਸੁਸਾਇਟੀਜ਼ (ਮੇਗਾ), ਮੁਹਾਲੀ ਨੇ ਗਮਾਡਾ ਵਲੋਂ ਪਿਛਲੇ ਸਾਲਾਂ ਦੌਰਾਨ ਵਸੂਲੇ ਗਏ ਐਕਸਟਰਨਲ ਡਿਵੈਲਪਮੈਂਟ ਚਾਰਜਿਜ਼ (ਈ.ਡੀ.ਸੀ.) ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਕੋਰਵਾਸ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਸਰਾਓ ਨੇ ਕਿਹਾ ਕਿ ਘਰ ਖ਼ਰੀਦਣ ਵਾਲਿਆ (ਹੋਮ ਬਾਇਰਜ਼) ਤੋਂ ਈ.ਡੀ.ਸੀ. ਦੇ ਰੂਪ ਵਿਚ ਵੱਡੀ ਰਕਮ ਵਸੂਲੀ ਗਈ ਹੈ, ਜਦਕਿ ਕਈ ਇਲਾਕਿਆਂ ਵਿਚ ਬਾਹਰੀ ਬੁਨਿਆਦੀ ਢਾਂਚਾ ਵੀ ਅਜੇ ਅਧੂਰਾ ਹੈ। ਇਸ ਵਿਕਾਸ ਲਈ ਪਹਿਲਾਂ ਭੁਗਤਾਨ ਕਰਨ ਦੇ ਬਾਵਜੂਦ ਵਸਨੀਕਾਂ ਨੂੰ ਅੱਜ ਵੀ ਬੁਨਿਆਦੀ ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸੋਸੀਏਸ਼ਨ ਨੇ ਕਿਹਾ ਕਿ 15–20 ਸਾਲ ਬੀਤ ਜਾਣ ਦੇ ਬਾਵਜੂਦ ਕਈ ਮੇਗਾ ਪ੍ਰਾਜੈਕਟਾਂ ਵਿਚ ਜ਼ਰੂਰੀ ਬਾਹਰੀ ਬੁਨਿਆਦੀ ਢਾਂਚਾ ਅਜੇ ਵੀ ਅਧੂਰਾ ਹੈ। ਜਦੋਂ ਵਸਨੀਕ ਬੁਨਿਆਦੀ ਸਹੂਲਤਾਂ ਲਈ ਅਦਾਲਤਾਂ ਦਾ ਰੁਖ ਕਰਦੇ ਹਨ ਤਾਂ ਡਿਵੈਲਪਰ ਅਕਸਰ ਬਾਹਰੀ ਬੁਨਿਆਦੀ ਢਾਂਚੇ ਦੇ ਅਧੂਰੇ ਹੋਣ ਦਾ ਹਵਾਲਾ ਦਿੰਦੇ ਹਨ, ਜਿਸ ਕਾਰਨ ਘਰ ਖ਼ਰੀਦਣ ਵਾਲਿਆ (ਹੋਮ ਬਾਇਰਜ਼) ਡਿਵੈਲਪਰ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਫਸ ਜਾਂਦੇ ਹਨ। ਉਨ੍ਹਾਂ ਈ.ਡੀ.ਸੀ. ਸੰਬੰਧੀ ਪੂਰੀ ਪਾਰਦਰਸ਼ਤਾ ਦੀ ਮੰਗ ਕਰਦਿਆਂ ਵਸੂਲ ਕੀਤੀ ਰਕਮ, ਕੀਤੇ ਗਏ ਖਰਚੇ, ਤਿਆਰ ਕੀਤੇ ਬੁਨਿਆਦੀ ਢਾਂਚੇ ਅਤੇ ਕਿਸੇ ਵੀ ਅਣਵਰਤੀ ਬਕਾਇਆ ਰਕਮ ਦਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ। ਰਾਜਵਿੰਦਰ ਸਿੰਘ ਸਰਾਓ ਨੇ ਕਿਹਾ ਕਿ ਜੇ ਬਾਹਰੀ ਵਿਕਾਸ ਲਈ ਇਕੱਠੀ ਕੀਤੀ ਰਕਮ ਨੂੰ ਕਿਸੇ ਹੋਰ ਮੰਤਵ ਲਈ ਤਬਦੀਲ ਜਾਂ ਵਰਤਿਆ ਗਿਆ ਹੈ ਤਾਂ ਇਸ ਦੀ ਸੁਤੰਤਰ ਜਾਂਚ ਕਰਕੇ ਨਤੀਜੇ ਜਨਤਕ ਕੀਤੇ ਜਾਣੇ ਚਾਹੀਦੇ ਹਨ। ਐਸੋਸੀਏਸ਼ਨ ਨੇ ਕਿਹਾ ਕਿ ਵਸਨੀਕਾਂ ਨੇ ਬੁਨਿਆਦੀ ਢਾਂਚੇ ਲਈ ਭੁਗਤਾਨ ਕੀਤਾ ਹੈ, ਇਸ ਲਈ ਉਹ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਦਾ ਪੈਸਾ ਕਿਥੇ ਖ਼ਰਚ ਹੋਇਆ। ਐਸੋਸੀਏਸ਼ਨ ਨੇ ਈਕੋ ਸਿਟੀ 3 ਮਾਸਟਰ ਪਲਾਨ ਅਤੇ ਨਵੇਂ ਏਰੋਟਰੋਪੋਲਿਸ ਪ੍ਰਾਜੈਕਟ ਵਿਚ ਪ੍ਰਸਤਾਵਿਤ ਤਬਦੀਲੀਆਂ ਦਾ ਵੀ ਵਿਰੋਧ ਕੀਤਾ ਹੈ। ਐਸੋਸੀਏਸ਼ਨ ਨੇ ਪ੍ਰਸਤਾਵਿਤ ਤਬਦੀਲੀਆਂ ਦੀ ਤੁਰੰਤ ਸਮੀਖਿਆ ਕਰਨ ਅਤੇ ਮੂਲ ਰੂਪ ਵਿਚ ਮਨਜ਼ੂਰਸ਼ੁਦਾ ਸੜਕਾਂ ਦੀ ਚੌੜਾਈ ਬਰਕਰਾਰ/ਬਹਾਲ ਕਰਨ ਦੀ ਮੰਗ ਕੀਤੀ ਹੈ।