ਜ਼ੀਰਕਪੁਰ-ਚੰਡੀਗੜ੍ਹ ਰੋਡ ’ਤੇ ਹੋਟਲਾਂ ਨੇੜੇ ਚੱਲ ਰਹੀਆਂ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਤੋਂ ਲੋਕ ਪ੍ਰੇਸ਼ਾਨ, ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ
ਜ਼ੀਰਕਪੁਰ, 23 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਹੋਟਲਾਂ ਅਤੇ ਢਾਬਿਆਂ ਦੇ ਆਲੇ-ਦੁਆਲੇ ਕਥਿਤ ਤੌਰ ’ਤੇ ਚੱਲ ਰਹੀਆਂ ਅਨੈਤਿਕ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਕਾਰਨ ਨੇੜਲੀਆਂ ਰਿਹਾਇਸ਼ੀ ਸੁਸਾਇਟੀਆਂ ਤੇ ਕਾਲੋਨੀਆਂ ਦੇ ਵਸਨੀਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਰੀਟਾ ਸਾਗਰ, ਸੋਨੀ ਗੋਸਵਾਮੀ, ਰੂਹੀ ਸਮੇਤ ਵੱਡੀ ਗਿਣਤੀ ਇਕੱਠੇ ਹੋਏ ਚੰਡੀਗੜ੍ਹ ਹੋਮਜ਼ ਦੇ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਕੁਝ ਹੋਟਲ ਪ੍ਰਬੰਧਕਾਂ ਵਲੋਂ ਸੜਕ ਕਿਨਾਰੇ ਔਰਤਾਂ ਤੇ ਲੜਕੀਆਂ ਨੂੰ ਬਿਠਾਇਆ ਜਾਂਦਾ ਹੈ, ਜੋ ਆਉਂਦੇ-ਜਾਂਦੇ ਰਾਹਗੀਰਾਂ ਨੂੰ ਹੋਟਲਾਂ ਵਿਚ ਬੁਲਾਉਂਦੀਆਂ ਹਨ।
ਜ਼ੀਰਕਪੁਰ, 23 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਹੋਟਲਾਂ ਅਤੇ ਢਾਬਿਆਂ ਦੇ ਆਲੇ-ਦੁਆਲੇ ਕਥਿਤ ਤੌਰ ’ਤੇ ਚੱਲ ਰਹੀਆਂ ਅਨੈਤਿਕ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਕਾਰਨ ਨੇੜਲੀਆਂ ਰਿਹਾਇਸ਼ੀ ਸੁਸਾਇਟੀਆਂ ਤੇ ਕਾਲੋਨੀਆਂ ਦੇ ਵਸਨੀਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਰੀਟਾ ਸਾਗਰ, ਸੋਨੀ ਗੋਸਵਾਮੀ, ਰੂਹੀ ਸਮੇਤ ਵੱਡੀ ਗਿਣਤੀ ਇਕੱਠੇ ਹੋਏ ਚੰਡੀਗੜ੍ਹ ਹੋਮਜ਼ ਦੇ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਕੁਝ ਹੋਟਲ ਪ੍ਰਬੰਧਕਾਂ ਵਲੋਂ ਸੜਕ ਕਿਨਾਰੇ ਔਰਤਾਂ ਤੇ ਲੜਕੀਆਂ ਨੂੰ ਬਿਠਾਇਆ ਜਾਂਦਾ ਹੈ, ਜੋ ਆਉਂਦੇ-ਜਾਂਦੇ ਰਾਹਗੀਰਾਂ ਨੂੰ ਹੋਟਲਾਂ ਵਿਚ ਬੁਲਾਉਂਦੀਆਂ ਹਨ। ਸੁਸਾਇਟੀ ਵਾਸੀਆਂ ਅਨੁਸਾਰ ਸ਼ਾਮ ਅਤੇ ਰਾਤ ਦੇ ਸਮੇਂ ਇਨ੍ਹਾਂ ਗਤੀਵਿਧੀਆਂ ਕਾਰਨ ਰਿਹਾਇਸ਼ੀ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਪਰਿਵਾਰਾਂ ਅਤੇ ਬੱਚਿਆਂ ਨਾਲ ਸੜਕਾਂ ’ਤੇ ਨਿਕਲਣਾ ਬੇਹੱਦ ਅਸਹਿਜ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਚੈਕਿੰਗ ਵਧਣ ਤੋਂ ਬਾਅਦ ਹੁਣ ਹੋਟਲਾਂ ਵਲੋਂ ਗਾਹਕਾਂ ਨੂੰ ਲਿਆਉਣ ਲਈ ਸੜਕਾਂ ਦੇ ਕਿਨਾਰਿਆਂ ’ਤੇ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ। ਕੁਝ ਵਸਨੀਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਤਾਂ ਹੋਟਲ ਮਾਲਕਾਂ ਨਾਲ ਸੰਬੰਧਿਤ ਲੋਕਾਂ ਵਲੋਂ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਸਥਾਨਕ ਲੋਕਾਂ ਨੇ ਪੁਲਿਸ ਅਤੇ ਉੱਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ੀਰਕਪੁਰ-ਚੰਡੀਗੜ੍ਹ ਰੋਡ ’ਤੇ ਚੱਲ ਰਹੇ ਇਨ੍ਹਾਂ ਹੋਟਲਾਂ ਅਤੇ ਢਾਬਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਕੇ ਗੈਰ-ਕਾਨੂੰਨੀ ਕੰਮਾਂ ਵਿਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਰਿਹਾਇਸ਼ੀ ਇਲਾਕੇ ਵਿਚ ਸੁਰੱਖਿਅਤ ਤੇ ਸ਼ਾਂਤਮਈ ਮਾਹੌਲ ਬਰਕਰਾਰ ਰਹਿ ਸਕੇ। ਮਾਮਲੇ ਸੰਬੰਧੀ ਐਸ. ਐਚ. ਓ. ਥਾਣਾ ਜ਼ੀਰਕਪੁਰ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਦੱਸਿਆ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਹੋਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।