ਐੱਸ. ਏ. ਐੱਸ. ਨਗਰ, 28 ਅਗਸਤ (ਕਪਿਲ ਵਧਵਾ)- ਰੱਖੜੀ ਦੇ ਤਿਉਹਾਰ ਮੌਕੇ ਤਿੰਨ ਭੈਣਾਂ ਆਪਣੇ ਇਕਲੌਤੇ ਭਰਾ ਪਰਮਪ੍ਰੀਤ ਸਿੰਘ ਦੀ ਉਡੀਕ ਕਰਦੀਆਂ ਰਹਿ ਗਈਆਂ ਕਿਉਂਕਿ ਜ਼ੀਰਕਪੁਰ ਦੇ ਰਮਾਡਾ ਹੋਟਲ ਵਿਚ ਕੰਮ ਖ਼ਤਮ ਕਰਕੇ ਪਿੰਡ ਮੱਛਲੀ ਕਲਾਂ ਸਥਿਤ ਆਪਦੇ ਘਰ ਜਾ ਰਹੇ 23 ਸਾਲਾ ਪਰਮਪ੍ਰੀਤ ਸਿੰਘ ਦੀ ਏਅਰਪੋਰਟ ਚੌਕ ਨੇੜੇ ਭਾਰਤ ਮਾਲਾ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਸੰਬੰਧੀ ਆਈ. ਟੀ. ਸਿਟੀ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਮਪ੍ਰੀਤ ਸਿੰਘ ਦੇ ਫੁੱਫੜ ਸੋਹਣ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਰੀਬ 6 ਮਹੀਨੇ ਪਹਿਲਾਂ ਪਰਮਪ੍ਰੀਤ ਸਿੰਘ ਨੂੰ ਰਮਾਡਾ ਹੋਟਲ ਵਿਖੇ ਇਲੈਕਟ੍ਰੀਸ਼ੀਅਨ ਦੀ ਨੌਕਰੀ ਦਿਵਾਈ ਗਈ ਸੀ। ਉਹ ਦੜੂਆ ਵਿਖੇ ਉਨ੍ਹਾਂ ਕੋਲ ਹੀ ਰਹਿੰਦਾ ਸੀ ਅਤੇ ਹਫ਼ਤੇ ਬਾਅਦ ਆਪਣੇ ਪਿੰਡ ਮੱਛਲੀ ਕਲਾਂ ਸਥਿਤ ਘਰ ਜਾਂਦਾ ਸੀ। ਰੱਖੜੀ ਕਾਰਨ ਉਹ ਸਵੇਰੇ ਕਰੀਬ 7.30 ਵਜੇ ਘਰ ਲਈ ਨਿਕਲਿਆ ਸੀ ਅਤੇ ਇਸੇ ਦੌਰਾਨ ਏਅਰਪੋਰਟ ਚੌਕ ਨੇੜੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੇ ਗੰਭੀਰ ਸੱਟ ਲੱਗਣ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਰਾਹਗੀਰ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ, ਪਰ ਉਦੋਂ ਤੱਕ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਰਮਪ੍ਰੀਤ ਸਿੰਘ ਹਾਲੇ ਕੁਆਰਾ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਬਜ਼ੁਰਗ ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ। ਪਰਿਵਾਰ ਦੀ ਜ਼ਿੰਮੇਵਾਰੀ ਪਰਮਪ੍ਰੀਤ ਸਿੰਘ ‘ਤੇ ਹੀ ਸੀ। ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।