ਡੇਰਾਬੱਸੀ, 29 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਹਲਕੇ ‘ਚ ਲੰਬੇ ਸਮੇਂ ਤੋਂ ਚੱਲ ਰਹੀ ਗ਼ੈਰਕਾਨੂੰਨੀ ਮਿੱਟੀ ਦੀ ਖੁਦਾਈ ਅਤੇ ਵਿਕਰੀ ਦੇ ਗੋਰਖਧੰਦੇ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ‘ਚ ਮਾਈਨਿੰਗ ਵਿਭਾਗ ਦੇ ਇਕ ਐਸ. ਡੀ. ਓ. ਨੂੰ 8 ਲੱਖ ਰੁ. ਦੀ ਰਿਸ਼ਵਤ ਲੈਂਦੇ ਸਮੇਂ ਵਿਜੀਲੈਂਸ ਵਲੋ ਕਾਬੂ ਕੀਤੇ ਜਾਣ ਮਗਰੋਂ ਲੋਕਾਂ ‘ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਵਿਭਾਗ ਦੀ ਨਿਗਰਾਨੀ ਪ੍ਰਣਾਲੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਦੇ ਕਈ ਪਿੰਡਾਂ ‘ਚ ਕਿਸਾਨਾਂ ਵਲੋਂ ਖੇਤਾਂ ਦੀ ਉਪਜਾਊ ਮਿੱਟੀ ਵੇਚਣ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ 1 ਕਿੱਲ੍ਹੇ ‘ਚੋਂ 1 ਫੁੱਟ ਮਿੱਟੀ ਚੁੱਕਣ ਦੇ ਬਦਲੇ ਖੇਤ ਮਾਲਕਾਂ ਨੂੰ ਲਗਭਗ 30 ਹਜ਼ਾਰ ਰੁ. ਮਿਲਦੇ ਸਨ, ਜਦਕਿ ਹੁਣ ਇਹ ਰਕਮ ਵਧ ਕੇ ਕਰੀਬ 1 ਲੱਖ ਰੁ. ਤੱਕ ਪਹੁੰਚ ਗਈ ਹੈ। ਇਸ ਕਾਰਨ ਕਈ ਲੋਕ ਆਰਥਿਕ ਲਾਭ ਦੇ ਲਾਲਚ ‘ਚ ਆਪਣੀ ਉਪਜਾਊ ਜ਼ਮੀਨ ਦੀ ਮਿੱਟੀ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਸ ਕੰਮ ਵਿਚ ਲੱਗੇ ਟਿੱਪਰ 24 ਘੰਟੇ ਡੇਰਾਬੱਸੀ ਦੀ ਸੜਕਾਂ ‘ਤੇ ਬੇਖ਼ੌਫ਼ ਦੌੜਦੇ ਰਹਿੰਦੇ ਹਨ। ਖੇਤਰ ‘ਚ ਬਣ ਰਹੀਆਂ ਰਿਹਾਇਸ਼ੀ ਅਤੇ ਵਪਾਰਕ ਕਾਲੋਨੀਆਂ, ਸੜਕਾਂ ਅਤੇ ਹੋਰ ਨਿਰਮਾਣ ਕਾਰਜਾਂ ਲਈ ਭਰਤ ਪਾਉਣ ਲਈ ਮਿੱਟੀ ਦੀ ਲੋੜ ਰਹਿੰਦੀ ਹੈ। ਇਸ ਵਧਦੀ ਮੰਗ ਕਾਰਨ ਮਿੱਟੀ ਦੀ ਕੀਮਤ ‘ਚ ਵੀ ਕਾਫ਼ੀ ਵਾਧਾ ਹੋਇਆ ਹੈ। ਲੋਕਾਂ ਦਾ ਦਾਅਵਾ ਹੈ ਕਿ ਜਿਥੇ ਵੀ ਵੱਡੇ ਪੱਧਰ ‘ਤੇ ਮਿੱਟੀ ਦੀ ਖੁਦਾਈ ਹੁੰਦੀ ਹੈ, ਉਥੇ ਸੰਬੰਧਿਤ ਵਿਭਾਗਾਂ ਦੀ ਜਾਣਕਾਰੀ ਤੋਂ ਬਿਨਾਂ ਇਹ ਸੰਭਵ ਨਹੀਂ ਜਾਪਦਾ। ਪਿੰਡ ਮੁਬਾਰਿਕਪੁਰ, ਕਕਰਾਲੀ, ਦਫ਼ਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਪਹਿਲਾਂ ਰੇਤ ਅਤੇ ਗਰੇਵਲ ਦੀ ਖੁਦਾਈ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕਈ ਥਾਵਾਂ ‘ਤੇ ਡੂੰਘੀ ਖੁਦਾਈ ਕਾਰਨ ਜ਼ਮੀਨ ਹੇਠਲੇ ਖੂਹ ਵੀ ਹਵਾ ਵਿਚ ਲਟਕ ਗਏ ਸਨ, ਜਦਕਿ ਹੁਣ ਕਈ ਖੇਤਾਂ ‘ਚੋਂ ਮਿੱਟੀ ਚੁੱਕੇ ਜਾਣ ਮਗਰੋਂ ਬਿਜਲੀ ਦੇ ਖੰਭੇ ਅਤੇ ਟਿਊਬਵੈੱਲਾਂ ਦੇ ਕੋਠੇ ਵੀ ਹਵਾ ‘ਚ ਲਟਕਦੇ ਨਜ਼ਰ ਆ ਰਹੇ ਹਨ, ਲੇਕਿਨ ਵਿਭਾਗ ਅਤੇ ਪ੍ਰਸ਼ਾਸਨ ਨੂੰ ਇਹ ਦਿਖਾਈ ਨਹੀਂ ਦੇ ਰਹੇ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਕਾਰਵਾਈ ਕੀਤੀ ਜਾਂਦੀ ਤਾਂ ਹਾਲਾਤ ਇੰਨੇ ਗੰਭੀਰ ਨਾ ਬਣਦੇ। ਉਧਰ 8 ਲੱਖ ਰੁ. ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ‘ਚ ਐਸ. ਡੀ. ਓ. ਦੀ ਗ੍ਰਿਫ਼ਤਾਰੀ ਨੇ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਹ ਵੀ ਪਤਾ ਲਗਾਇਆ ਜਾਵੇ ਕਿ ਕੀ ਗ਼ੈਰਕਾਨੂੰਨੀ ਮਾਈਨਿੰਗ ਅਤੇ ਮਿੱਟੀ ਦੀ ਖੁਦਾਈ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਸਰਗਰਮ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।