05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵੋਟਰ ਸੂਚੀ ਦੀ ਸੋਧ ਦੌਰਾਨ ਕਿਸੇ ਯੋਗ ਵੋਟਰ ਨਾਲ ਨਹੀਂ ਹੋਵੇਗੀ ਬੇਇਨਸਾਫ਼ੀ-ਡੀ. ਸੀ. ਨਿਸ਼ਾਂਤ ਕੁਮਾਰ ਯਾਦਵ

ਅਜੀਤ ਡੈਸਕ 28-07-2026
ਚੰਡੀਗੜ੍ਹ, 27 ਜੁਲਾਈ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਡਿਪਟੀ ਜ਼ਿਲ੍ਹਾ ਚੋਣ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ (ਐਸ.ਆਈ.ਆਰ.) ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਪੂਰੀ ਤਸਦੀਕ ਅਤੇ ਸੁਣਵਾਈ ਤੋਂ ਬਿਨਾਂ ਵੋਟਰ ਸੂਚੀ ਵਿਚੋਂ ਨਾ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ, ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓਜ਼) ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਏ.ਈ.ਆਰ.ਓਜ਼) ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਨੋਟਿਸ ਜਾਰੀ ਕਰਨ, ਦਾਅਵਿਆਂ ਅਤੇ ਇਤਰਾਜ਼ਾਂ ਦੀ ਸੁਣਵਾਈ ਦੀ ਪ੍ਰਕਿਰਿਆ ਅਤੇ ਉਨ੍ਹਾਂ ਦੇ ਸਮੇਂ ਸਿਰ ਨਿਪਟਾਰੇ ਦੀ ਪ੍ਰਗਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਪੜਾਅ ’ਤੇ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਹਰ ਯੋਗ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਪੂਰੀ ਸੁਰੱਖਿਆ ਹੋ ਸਕੇ। ਮੀਟਿੰਗ ’ਚ ਜਾਣਕਾਰੀ ਦਿੱਤੀ ਗਈ ਕਿ 21 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਚੰਡੀਗੜ੍ਹ ਦੀ ਡਰਾਫਟ ਵੋਟਰ ਸੂਚੀ ਵਿਚ ਕੁੱਲ 4,50,282 ਵੋਟਰ ਦਰਜ ਹਨ। ਵਿਸ਼ੇਸ਼ ਗਹਿਰੀ ਸੋਧ ਮੁਹਿੰਮ ਤਹਿਤ 21 ਜੁਲਾਈ ਤੋਂ 18 ਸਤੰਬਰ 2026 ਤੱਕ 1,37,814 ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦਾ ਪ੍ਰਸਤਾਵ ਹੈ। ਇਨ੍ਹਾਂ ਵਿਚੋਂ 69,461 ਨੋਟਿਸ ਪਿਛਲੀ ਐਸ.ਆਈ.ਆਰ. ਨਾਲ ਲਿੰਕੇਜ ਨਾ ਦੇਣ ਕਾਰਨ ਜਾਰੀ ਕੀਤੇ ਜਾਣਗੇ, ਜਦਕਿ 68,353 ਨੋਟਿਸ ਵੋਟਰਾਂ ਦੇ ਵੇਰਵਿਆਂ ਵਿਚ ਪਾਈਆਂ ਗਈਆਂ ਤਰਕਸੰਗਤ ਗੜਬੜੀਆਂ, ਜਿਵੇਂ ਕਿ ਨਾਮਾਂ ਦੀ ਸਪੈਲਿੰਗ ਵਿਚ ਫ਼ਰਕ, ਮਾਪਿਆਂ ਜਾਂ ਪਰਿਵਾਰਕ ਮੈਂਬਰਾਂ ਨਾਲ ਸਬੰਧਿਤ ਰਿਕਾਰਡਾਂ ਵਿਚ ਅਸੰਗਤੀਆਂ ਆਦਿ ਨੂੰ ਦੂਰ ਕਰਨ ਲਈ ਭੇਜੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਤਸੱਲੀਬਖ਼ਸ਼ ਤਸਦੀਕ ਤੋਂ ਬਾਅਦ ਸਾਰੇ ਯੋਗ ਵੋਟਰਾਂ ਦੇ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਅੰਤਿਮ ਵੋਟਰ ਸੂਚੀ 22 ਸਤੰਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੋਧ ਮੁਹਿੰਮ ਦਾ ਮੁੱਖ ਉਦੇਸ਼ ਇੱਕ ਪਾਰਦਰਸ਼ੀ, ਸਹੀ ਅਤੇ ਗਲਤੀ-ਰਹਿਤ ਵੋਟਰ ਸੂਚੀ ਤਿਆਰ ਕਰਨਾ ਹੈ, ਤਾਂ ਜੋ ਹਰ ਯੋਗ ਨਾਗਰਿਕ ਆਪਣੇ ਲੋਕਤੰਤਰੀ ਅਧਿਕਾਰ ਦਾ ਨਿਰਵਿਘਨ ਇਸਤੇਮਾਲ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਪੂਰੀ ਪ੍ਰਕਿਰਿਆ ਨੂੰ ਨਿਰਪੱਖ, ਭਰੋਸੇਯੋਗ ਅਤੇ ਵੋਟਰ-ਪੱਖੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੀ ਖ਼ਬਰ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਨਿਊਟਰੀਸ਼ਨ ਗਾਰਡਨਜ਼ ਦੀ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਦਿੱਤੇ ਨਿਰਦੇਸ਼ ਅਗਲੀ ਖ਼ਬਰ ਜਨਤਾ ਦਰਬਾਰ ’ਚ ਲੋਕਾਂ ਦਾ ਭਰਵਾਂ ਹੁੰਗਾਰਾ, ਮੇਅਰ ਸੌਰਭ ਜੋਸ਼ੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।