08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਲ ਵਿਭਾਗ ਵਿਚ ਡਿਜੀਟਲ ਬਦਲਾਅ ਨਾਲ ਪਾਰਦਰਸ਼ੀ, ਪ੍ਰਭਾਵੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਹੋ ਰਹੀਆਂ ਹਨ ਯਕੀਨੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਅਜੀਤ ਡੈਸਕ 20-07-2026
ਚੰਡੀਗੜ੍ਹ, 19 ਜੁਲਾਈ (ਰਾਮ ਸਿੰਘ ਬਰਾੜ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਹਰਿਆਣਾ ਨਿਵਾਸ, ਚੰਡੀਗੜ੍ਹ ਵਿਖੇ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਡਿਜੀਟਲ ਗਵਰਨੈਂਸ, ਜ਼ਮੀਨੀ ਰਿਕਾਰਡ ਦੇ ਆਧੁਨਿਕੀਕਰਨ ਅਤੇ ਨਾਗਰਿਕ-ਕੇਂਦਰਿਤ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਦੀ ਹਰੇਕ ਸੇਵਾ ਪਾਰਦਰਸ਼ੀ, ਤਕਨੀਕ ਅਧਾਰਤ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਉਪਲਬਧ ਕਰਵਾਈ ਜਾਵੇ ਤਾਂ ਜੋ ਨਾਗਰਿਕਾਂ ਨੂੰ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਸੁਚੱਜੀਆਂ ਸੇਵਾਵਾਂ ਮਿਲ ਸਕਣ। ਮੀਟਿੰਗ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਡੀ.ਐਮ.ਸੀ. ਸਮੇਤ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਵਿਭਾਗ ਨੇ ਮਈ 2025 ਵਿੱਚ ਆਪਣਾ ਪਹਿਲਾ ਇਨ-ਹਾਊਸ ਸੂਚਨਾ ਤਕਨਾਲੋਜੀ ਡਿਵੀਜ਼ਨ ਸਥਾਪਿਤ ਕਰਕੇ ਵਿਆਪਕ ਡਿਜੀਟਲ ਤਬਦੀਲੀ ਵੱਲ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਨਾਲ ਬਾਹਰੀ ਏਜੰਸੀਆਂ ‘ਤੇ ਨਿਰਭਰਤਾ ਘਟੀ ਹੈ ਅਤੇ ਵਿਭਾਗੀ ਡਿਜੀਟਲ ਪਲੇਟਫਾਰਮ ਦੇ ਵਿਕਾਸ ਅਤੇ ਰੱਖ-ਰਖਾਅ ਵਿੱਚ ਤੇਜ਼ੀ ਆਈ ਹੈ। ਇਸ ਤਕਨੀਕੀ ਟੀਮ ਵਿੱਚ ਸਾਫਟਵੇਅਰ ਡਿਵੈਲਪਰ, ਯੂ.ਆਈ./ਯੂ.ਐਕਸ. ਡਿਜ਼ਾਈਨਰ, ਤਕਨੀਕੀ ਦਸਤਾਵੇਜ਼ ਮਾਹਰ ਅਤੇ ਸਿਸਟਮ ਐਡਮਿਨਿਸਟ੍ਰੇਟਰ ਸਮੇਤ 16 ਪ੍ਰਵਾਨਿਤ ਅਸਾਮੀਆਂ ਸ਼ਾਮਲ ਹਨ।
ਮੁੱਖ ਮੰਤਰੀ ਨੇ ਏਕੀਕ੍ਰਿਤ ਮਾਲ ਪੋਰਟਲ (ਇੰਟੀਗ੍ਰੇਟਿਡ ਰੈਵੇਨਿਊ ਪੋਰਟਲ) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਪੋਰਟਲ ਨਾਗਰਿਕਾਂ ਅਤੇ ਵਿਭਾਗੀ ਅਧਿਕਾਰੀਆਂ ਲਈ ਇੱਕ ਏਕੀਕ੍ਰਿਤ ਡਿਜੀਟਲ ਮੰਚ ਵਜੋਂ ਵਿਕਸਤ ਕੀਤਾ ਗਿਆ ਹੈ। ਇਸ ਰਾਹੀਂ ਨਾਗਰਿਕਾਂ ਨੂੰ ਆਨਲਾਈਨ ਮਾਲ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪੋਰਟਲ ਵਿੱਚ ਅਧਿਕਾਰੀਆਂ ਲਈ ਸਿੰਗਲ ਸਾਈਨ-ਆਨ ਪ੍ਰਣਾਲੀ ਅਤੇ ਸੇਵਾ ਵੰਡ ਅਤੇ ਲੰਬਿਤ ਮਾਮਲਿਆਂ ਦੀ ਰੀਅਲ ਟਾਈਮ ਨਿਗਰਾਨੀ ਲਈ ਏਕੀਕ੍ਰਿਤ ਡੈਸ਼ਬੋਰਡ ਦੀ ਸਹੂਲਤ ਵੀ ਉਪਲਬਧ ਹੈ।
ਮਾਲ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਦਿੱਤੇ ਨਿਰਦੇਸ਼
ਮੁੱਖ ਮੰਤਰੀ ਨੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਇਸ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਅਤੇ ਨਾਗਰਿਕ-ਹਿਤੈਸ਼ੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰੇਕ ਯੋਗ ਨਾਗਰਿਕ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਸ਼ਿਕਾਇਤ ਡੈਸ਼ਬੋਰਡ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੀਆਂ ਅਰਜ਼ੀਆਂ ਦੇ ਨਿਪਟਾਰੇ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇ। ਹਰੇਕ ਰੱਦ ਕੀਤੀ ਗਈ ਅਰਜ਼ੀ ਵਿੱਚ ਰੱਦ ਹੋਣ ਦਾ ਸਪੱਸ਼ਟ ਕਾਰਨ ਦਰਜ ਕੀਤਾ ਜਾਵੇ ਅਤੇ ਉਸਦਾ ਉਚਿਤ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੱਦ ਕੀਤੇ ਗਏ ਮਾਮਲਿਆਂ ਦੀ ਸਮੇਂ-ਸਮੇਂ ‘ਤੇ ਰੈਂਡਮ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਯੋਗ ਵਿਅਕਤੀ ਨੂੰ ਪ੍ਰਕਿਰਿਆਗਤ ਤਰੁੱਟੀ ਜਾਂ ਗਲਤ ਜਾਂਚ ਕਾਰਨ ਲਾਭ ਤੋਂ ਵਾਂਝਾ ਨਾ ਰਹਿਣਾ ਪਵੇ।
ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਫ਼ਤਾਵਾਰੀ ਸਮਾਧਾਨ ਕੈਂਪਾਂ ਵਿੱਚ ਤਹਿਸੀਲਦਾਰਾਂ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ ਤਾਂ ਜੋ ਮੌਕੇ ‘ਤੇ ਹੀ ਮਾਲ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਸੰਭਵ ਹੋ ਸਕੇ।
ਮਿਸ਼ਨ ਮੋਡ ਵਿਚ ਹੋਵੇਗਾ ਜ਼ਮੀਨੀ ਰਿਕਾਰਡ ਦਾ ਆਧੁਨਿਕੀਕਰਨ
ਮੁੱਖ ਮੰਤਰੀ ਨੇ ਸੂਬੇ ਦੇ ਜ਼ਮੀਨੀ ਰਿਕਾਰਡ ਆਧੁਨਿਕੀਕਰਨ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਇਸ ਦੀ ਪ੍ਰਗਤੀ ਦੀ ਜਾਣਕਾਰੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹੁਣ ਤੱਕ 40.20 ਕਰੋੜ ਤੋਂ ਵੱਧ ਪੁਰਾਣੇ ਮਾਲ ਰਿਕਾਰਡਾਂ ਦਾ ਡਿਜੀਟਲੀਕਰਨ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸੂਬੇ ਵਿੱਚ ਡਿਜੀਟਲ ਜ਼ਮੀਨੀ ਰਿਕਾਰਡ ਉਪਲਬਧ ਹੋ ਸਕਿਆ ਹੈ।ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ, ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਕੁਮਾਰ ਮੀਨਾ, ਸਾਰੇ ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਪਿਛਲੀ ਖ਼ਬਰ ਸੈਕਟਰ-26 ਪੁਲਿਸ ਨੇ ਡੁਪਲੀਕੇਟ ਚਾਬੀ ਨਾਲ ਐਕਟਿਵਾ ਚੋਰੀ ਕਰਨ ਵਾਲਾ ਕੀਤਾ ਕਾਬੂ ਅਗਲੀ ਖ਼ਬਰ ਸੀ.ਸੀ.ਟੀ.ਵੀ. ਅਤੇ ਤਕਨੀਕੀ ਜਾਂਚ ਨਾਲ ਸੁਲਝਿਆ ਚੋਰੀ ਦਾ ਮਾਮਲਾ, ਇਕ ਗ੍ਰਿਫ਼ਤਾਰ, ਟੈਂਪੂ ਸਮੇਤ ਸਾਮਾਨ ਵੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।