08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੀ.ਸੀ.ਟੀ.ਵੀ. ਅਤੇ ਤਕਨੀਕੀ ਜਾਂਚ ਨਾਲ ਸੁਲਝਿਆ ਚੋਰੀ ਦਾ ਮਾਮਲਾ, ਇਕ ਗ੍ਰਿਫ਼ਤਾਰ, ਟੈਂਪੂ ਸਮੇਤ ਸਾਮਾਨ ਵੀ ਬਰਾਮਦ

ਅਜੀਤ ਡੈਸਕ 20-07-2026
ਚੰਡੀਗੜ੍ਹ, 19 ਜੁਲਾਈ (ਸੰਦੀਪ ਕੁਮਾਰ ਮਾਹਨਾ) –ਸੀ.ਸੀ.ਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਮੁਖਬਰਾਂ ਤੋਂ ਮਿਲੀ ਜਾਣਕਾਰੀ ਦੀ ਮਦਦ ਨਾਲ ਮਨੀਮਾਜਰਾ ਪੁਲਿਸ ਨੇ ਚੋਰੀ ਦੇ ਇਕ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਕੱਪੜੇ, ਸੈਮਸੰਗ ਮੋਬਾਈਲ ਫ਼ੋਨ ਅਤੇ ਵਾਰਦਾਤ ਵਿਚ ਵਰਤਿਆ ਗਿਆ ਟਾਟਾ ਐਸ ਟੈਂਪੂ ਵੀ ਬਰਾਮਦ ਕੀਤਾ ਹੈ। ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮੁਹਾਲੀ ਦੇ ਸੈਕਟਰ-122 ਸਥਿਤ ਵੈਸਟ ਕਾਲੋਨੀ ਦੇ ਵਸਨੀਕ ਮਨਦੀਪ ਪੁੱਤਰ ਪ੍ਰਭੂ ਪੰਡਿਤ ਦੀ ਸ਼ਿਕਾਇਤ ’ਤੇ ਥਾਣਾ ਮਨੀਮਾਜ਼ਰਾ ’ਚ 18 ਜੁਲਾਈ ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 305, 331(4) ਅਤੇ 317(2) ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਵਿਸ਼ਾਲ ਡੇਅਰੀ ਨੇੜੇ ਮੇਨ ਮਾਰਕੀਟ, ਮਨੀਮਾਜਰਾ ਵਿਖੇ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਅਣਪਛਾਤੇ ਵਿਅਕਤੀ ਸੈਮਸੰਗ ਦਾ ਓਲਿਵ ਗ੍ਰੀਨ ਰੰਗ ਦਾ ਮੋਬਾਈਲ ਫੋਨ, ਕੱਪੜੇ, ਘੜੀਆਂ, ਪਰਫਿਊਮ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ।
ਮਾਮਲਾ ਦਰਜ਼ ਹੁੰਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮਨੀਮਾਜਰਾ ਦੇ ਐਸ.ਐਚ.ਓ. ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਇਲਾਕੇ ਦੇ ਸੀ.ਸੀ.ਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਤਕਨੀਕੀ ਸਬੂਤ ਇਕੱਠੇ ਕੀਤੇ ਗਏ ਅਤੇ ਮੁਖਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ 19 ਜੁਲਾਈ ਨੂੰ ਆਸ਼ੂ (22) ਪੁੱਤਰ ਸ਼ਮਸ਼ੇਰ ਵਾਸੀ ਰਾਜੀਵ ਕਾਲੋਨੀ, ਸੈਕਟਰ 17, ਪੰਚਕੂਲਾ (ਹਰਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 27 ਕਮੀਜ਼ਾਂ, 18 ਜੀਨਜ਼ ਪੈਂਟਾਂ, 9 ਲੋਅਰ, 29 ਟੋਪੀਆਂ, 41 ਜੋੜੇ ਜੁਰਾਬਾਂ, 6 ਗੋਗਲਜ਼, 5 ਬੈਲਟ ਅਤੇ ਓਲਿਵ ਗ੍ਰੀਨ ਰੰਗ ਦਾ ਸੈਮਸੰਗ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਵਾਰਦਾਤ ’ਚ ਵਰਤਿਆ ਗਿਆ ਟਾਟਾ ਐਸ ਟੈਂਪੂ (ਨੰਬਰ ਸੀਐਚ-01-ਟੀਬੀ-0134) ਵੀ ਕਬਜ਼ੇ ਵਿਚ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਅੱਠਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ ਅਤੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦਾ ਕੰਮ ਕਰਦਾ ਹੈ। ਉਸ ਖ਼ਿਲਾਫ਼ ਪਹਿਲਾਂ ਕਿਸੇ ਵੀ ਅਪਰਾਧਿਕ ਮਾਮਲੇ ਦਾ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਦੋਸ਼ੀ ਕਿਸੇ ਹੋਰ ਚੋਰੀ ਦੀਆਂ ਵਾਰਦਾਤਾਂ ਵਿਚ ਵੀ ਸ਼ਾਮਲ ਰਿਹਾ ਹੈ ਜਾਂ ਨਹੀਂ। ਇਸ ਸਬੰਧੀ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਮਾਲ ਵਿਭਾਗ ਵਿਚ ਡਿਜੀਟਲ ਬਦਲਾਅ ਨਾਲ ਪਾਰਦਰਸ਼ੀ, ਪ੍ਰਭਾਵੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਹੋ ਰਹੀਆਂ ਹਨ ਯਕੀਨੀ - ਮੁੱਖ... ਅਗਲੀ ਖ਼ਬਰ ਮਾਧਵ ਵਿੱਦਿਆ ਨਿਕੇਤਨ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।