ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅਮਰੀਕਾ ਤੋਂ ਪਰਤੇ ਐੱਮ. ਬੀ. ਬੀ. ਐੱਸ. ਯੋਗਤਾ ਪ੍ਰਾਪਤ ਸਰਜਨ ਅਤੇ ਸਮਾਜ ਸੇਵਿਕਾ ਡਾ. ਸੁਹਾਨੀ ਡੋਡਾ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਡਾ. ਡੋਡਾ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਭਰੋਸਾ ਪ੍ਰਗਟਾਇਆ ਕਿ ਸਿਹਤ ਸੰਭਾਲ ਖੇਤਰ ਵਿਚ ਉਨ੍ਹਾਂ ਦਾ ਤਜਰਬਾ ਅਤੇ ਜਨਸੇਵਾ ਪ੍ਰਤੀ ਵਚਨਬੱਧਤਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਆਮ ਆਦਮੀ ਪਾਰਟੀ ਦੇ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗੀ। ਅਬੋਹਰ ਵਿਧਾਨ ਸਭਾ ਹਲਕੇ ਦੇ ਰਹਿਣ ਵਾਲੀ ਡਾ. ਸੁਹਾਨੀ ਡੋਡਾ ਅਮਰੀਕਾ ਤੋਂ ਪਰਤੇ ਇਕ ਐੱਮ. ਬੀ. ਬੀ. ਐੱਸ. ਯੋਗਤਾ ਪ੍ਰਾਪਤ ਸਰਜਨ ਹਨ ਜੋ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਸੇਵਾ ਦੇ ਕੰਮਾਂ ਵਿਚ ਸਰਗਰਮੀ ਨਾਲ ਜੁੜੀ ਹੋਈ ਹਨ। ਡਾ. ਡੋਡਾ ਸਿਹਤ ਜਾਗਰੂਕਤਾ ਮੁਹਿੰਮਾਂ, ਮੈਡੀਕਲ ਕੈਂਪਾਂ ਅਤੇ ਸਮਾਜ ਦੇ ਪਛੜੇ ਤੇ ਲੋੜਵੰਦ ਵਰਗਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ। ਆਪਣੇ ਕੰਮਾਂ ਸਦਕਾ, ਉਨ੍ਹਾਂ ਨੇ ਸਿਹਤ ਸੇਵਾਵਾਂ ਵਿਚ ਸੁਧਾਰ ਅਤੇ ਭਾਈਚਾਰਕ ਭਲਾਈ ਲਈ ਆਪਣੀ ਹਮਦਰਦੀ ਭਰੀ ਪਹੁੰਚ ਅਤੇ ਵਚਨਬੱਧਤਾ ਸਦਕਾ ਪੂਰੇ ਖੇਤਰ ਦੇ ਲੋਕਾਂ ਵਿਚ ਸਤਿਕਾਰ ਹਾਸਲ ਕੀਤਾ ਹੈ। ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਚ ਸਵਾਗਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਇਮਾਨਦਾਰ, ਪੜ੍ਹੇ-ਲਿਖੇ ਅਤੇ ਸੇਵਾ ਭਾਵਨਾ ਵਾਲੇ ਲੋਕਾਂ ਨੂੰ ਇਕ ਮੰਚ ’ਤੇ ਲਿਆ ਰਹੀ ਹੈ ਜੋ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਨ। ਡਾ. ਸੁਹਾਨੀ ਡੋਡਾ ਨੇ ਪਾਰਟੀ ਵਿਚ ਸਵਾਗਤ ਕਰਨ ਲਈ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਮਾਨਦਾਰ ਸ਼ਾਸਨ ਖ਼ਾਸ ਕਰਕੇ ਸਿਹਤ ਸੰਭਾਲ ਖੇਤਰ ਵਿਚ ਕੀਤੇ ਗਏ ਕੰਮਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨਾਲ ਮਿਲ ਕੇ ਬਿਹਤਰ ਸਿਹਤ ਸੇਵਾਵਾਂ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਉਮੀਦ ਰੱਖਦੇ ਹਨ।