07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਪੰਜਾਬ ਦੀਆਂ ਮਹਿਲਾਵਾਂ ’ਚ ਜਗਾਈ ਉਮੀਦ, ਸਨਮਾਨ ਤੇ ਆਰਥਿਕ ਆਤਮਨਿਰਭਰਤਾ ਦੀ ਨਵੀਂ ਕਿਰਨ

ਅਜੀਤ ਡੈਸਕ 14-07-2026
ਚੰਡੀਗੜ੍ਹ, 13 ਜੁਲਾਈ (ਅਜੀਤ ਬਿਊਰੋ)- ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਪੂਰੇ ਸੂਬੇ ਦੀਆਂ ਮਹਿਲਾਵਾਂ ਵਿਚ ਉਤਸ਼ਾਹ ਦੀ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਕਈ ਮਹਿਲਾਵਾਂ ਦੇ ਬੈਂਕ ਖ਼ਾਤਿਆਂ ਵਿਚ ਯੋਜਨਾ ਦੀ ਰਕਮ ਪਹੁੰਚ ਚੁੱਕੀ ਹੈ, ਜਦਕਿ ਹੋਰ ਮਹਿਲਾਵਾਂ ਵੀ ਰਕਮ ਮਿਲਣ ਦੀ ਉਡੀਕ ਕਰ ਰਹੀਆਂ ਹਨ। ਪਿੰਡ ਅਦਾਲਤਪੁਰ ਦੀ 40 ਸਾਲਾ ਗਗਨਦੀਪ ਕੌਰ ਆਪਣੇ ਖ਼ਾਤੇ ਵਿਚ ਰਕਮ ਆਉਣ ਨਾਲ ਬਹੁਤ ਖ਼ੁਸ਼ ਹਨ। ਉਨ੍ਹਾਂ ਨੇ ਕਿਹਾ, “ਮੇਰੇ ਖ਼ਾਤੇ ਵਿਚ 3,000 ਆਏ ਹਨ। ਮੈਂ ਅਜੇ ਤੱਕ ਇਹ ਰਕਮ ਖ਼ਰਚ ਨਹੀਂ ਕੀਤੀ ਕਿਉਂਕਿ ਮੈਂ ਇਸਨੂੰ ਸਿਰਫ਼ ਆਪਣੇ ਪੁੱਤਰ ’ਤੇ ਖ਼ਰਚ ਕਰਨਾ ਚਾਹੁੰਦੀ ਹਾਂ। ਉਹ ਜੋ ਵੀ ਮੰਗੇਗਾ, ਮੈਂ ਆਪਣੇ ਪੈਸਿਆਂ ਨਾਲ ਉਸਨੂੰ ਦਿਵਾਵਾਂਗੀ। ਜਦੋਂ ਮੇਰਾ ਬੱਚਾ ਖ਼ੁਸ਼ ਹੁੰਦਾ ਹੈ ਤਾਂ ਮੈਨੂੰ ਵੀ ਖ਼ੁਸ਼ੀ ਮਿਲਦੀ ਹੈ। ਅੱਗੇ ਮਿਲਣ ਵਾਲੀ ਹਰ ਰਕਮ ਮੈਂ ਉਸੇ ’ਤੇ ਖ਼ਰਚ ਕਰਾਂਗੀ।”ਉਨ੍ਹਾਂ ਨੇ ਹੱਸਦੇ ਹੋਏ ਪੰਜਾਬੀ ਵਿਚ ਕਿਹਾ, “ਜੋ ਉਹ ਮੰਗੂਗਾ, ਉਹੀ ਲੈ ਕੇ ਦੇਵਾਂਗੀ। ਇੱਛੇਵਾਲਾ ਪਿੰਡ ਦੀ ਘਰੇਲੂ ਕੰਮਕਾਜੀ ਸੋਮਾ ਲਈ 4,500 ਜਮ੍ਹਾ ਹੋਣ ਦਾ ਸੁਨੇਹਾ ਰਾਹਤ ਅਤੇ ਖ਼ੁਸ਼ੀ ਦੋਵੇਂ ਲੈ ਕੇ ਆਇਆ। ਉਨ੍ਹਾਂ ਨੇ ਕਿਹਾ, “ਮੈਂ ਬਹੁਤ ਗ਼ਰੀਬ ਹਾਂ, ਪਰ ਇਸ ਸਰਕਾਰ ਨੇ ਮਹਿਲਾਵਾਂ ਦੇ ਖ਼ਾਤਿਆਂ ਵਿਚ ਸਿੱਧੇ ਪੈਸੇ ਭੇਜ ਕੇ ਬਹੁਤ ਵਧੀਆ ਕੰਮ ਕੀਤਾ ਹੈ। ਇਸ ਨਾਲ ਸਾਨੂੰ ਸੁਰੱਖਿਆ ਅਤੇ ਆਤਮ-ਸਨਮਾਨ ਮਿਲਦਾ ਹੈ। ਜੇ ਨਕਦ ਪੈਸੇ ਦਿੱਤੇ ਜਾਂਦੇ ਤਾਂ ਪਰਿਵਾਰ ਦੇ ਹੋਰ ਮੈਂਬਰ ਉਹ ਲੈ ਸਕਦੇ ਸਨ, ਪਰ ਆਪਣੇ ਬੈਂਕ ਖਾਤੇ ਵਿਚ ਪੈਸਾ ਹੋਣ ਨਾਲ ਆਰਥਿਕ ਸੁਰੱਖਿਆ ਵੀ ਮਿਲਦੀ ਹੈ। ਘੱਟ ਹੀਮੋਗਲੋਬਿਨ ਅਤੇ ਖ਼ਰਾਬ ਸਿਹਤ ਨਾਲ ਜੂਝ ਰਹੀ ਸੋਮਾ ਨੇ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਉਹ ਇਸ ਰਕਮ ਦਾ ਇਸਤੇਮਾਲ ਕਿਵੇਂ ਕਰੇਗੀ। ਉਸ ਨੇ ਕਿਹਾ, “ਮੈਂ ਪੌਸ਼ਟਿਕ ਭੋਜਨ ਖ਼ਰੀਦਾਂਗੀ। ਡਾਕਟਰਾਂ ਨੇ ਹੀਮੋਗਲੋਬਿਨ ਵਧਾਉਣ ਲਈ ਚੁਕੰਦਰ ਅਤੇ ਮੇਵੇ ਖਾਣ ਦੀ ਸਲਾਹ ਦਿੱਤੀ ਹੈ। ਮੈਂ ਡਰੈਗਨ ਫ਼ਰੂਟ ਵੀ ਖ਼ਰੀਦਾਂਗੀ। ਸੋਮਾ ਦੀ ਧੀ ਜਿਸ ਨੇ ਹਾਲ ਹੀ ਵਿਚ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ ਅਤੇ ਹੁਣ ਕਾਲਜ ਵਿਚ ਦਾਖ਼ਲਾ ਲੈ ਰਹੀ ਹੈ, ਨੇ ਵੀ ਇਸ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਇਆ ਹੈ। ਸੋਮਾ ਨੇ ਕਿਹਾ, “ਸਾਨੂੰ ਦੋਵਾਂ ਨੂੰ ਮਿਲਾ ਕੇ ਹਰ ਤਿੰਨ ਮਹੀਨੇ ਵਿਚ ਕੁੱਲ 6,000 ਮਿਲਣਗੇ। ਮੇਰੀ ਧੀ ਕਾਫ਼ੀ ਸਮੇਂ ਤੋਂ ਕਾਲਜ ਲਈ ਨਵੇਂ ਕੱਪੜੇ, ਇੱਕ ਵਧੀਆ ਸਲਵਾਰ-ਕਮੀਜ਼ ਅਤੇ ਸੈਂਡਲ ਦੀ ਮੰਗ ਕਰ ਰਹੀ ਸੀ। ਮੇਰੇ ਪਤੀ ਬੇਰੁਜ਼ਗਾਰ ਹਨ । ਹੁਣ ਮੈਂ ਉਸਦੀ ਇਹ ਇੱਛਾ ਪੂਰੀ ਕਰ ਸਕਾਂਗੀ ਅਤੇ ਅਸੀਂ ਉਸ ਦੀਆਂ ਕਿਤਾਬਾਂ ਲਈ ਵੀ ਕੁਝ ਪੈਸੇ ਬਚਾ ਸਕਾਂਗੇ।” ਸੋਮਾ ਦੀਆਂ ਛੇ ਧੀਆਂ ਹਨ। ਜਦੋਂ ਸੋਮਾ ਅਤੇ ਉਸਦੀਆਂ ਦੋ ਦਿਉਰਾਣੀਆਂ ਰੀਤੂ ਅਤੇ ਜ਼ੀਨਾ ਦੇ ਮੋਬਾਈਲ ਫ਼ੋਨਾਂ ’ਤੇ ਪੈਸੇ ਜਮ੍ਹਾਂ ਹੋਣ ਦਾ ਸੁਨੇਹਾ ਆਇਆ ਤਾਂ ਤਿੰਨਾਂ ਨੇ ਖ਼ੁਸ਼ੀ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਸਾਂਝੇ ਪਰਿਵਾਰ ਵਿਚ ਰਹਿਣ ਵਾਲੀਆਂ ਇਨ੍ਹਾਂ ਤਿੰਨਾਂ ਮਹਿਲਾਵਾਂ ਨੂੰ ਮਿਲਾ ਕੇ ਕੁੱਲ 13,500 ਦੀ ਸਹਾਇਤਾ ਰਕਮ ਮਿਲੀ ਹੈ, ਜਿਸ ਨਾਲ ਪਰਿਵਾਰ ਦੀਆਂ ਕਈ ਤੁਰੰਤ ਜ਼ਰੂਰਤਾਂ ਪੂਰੀਆਂ ਹੋ ਸਕਣਗੀਆਂ।
ਸੁਨਾਮ ਦੀ 53 ਸਾਲਾ ਗ੍ਰਹਿਣੀ ਰੇਣੂ ਲਈ ਇਹ ਰਕਮ ਸਿਰਫ਼ ਆਰਥਿਕ ਸਹਾਇਤਾ ਨਹੀਂ, ਸਗੋਂ ਆਤਮਨਿਰਭਰਤਾ ਦਾ ਪ੍ਰਤੀਕ ਹੈ।
47 ਸਾਲਾ ਸਵਿਤਾ ਇਸ ਸਹਾਇਤਾ ਰਕਮ ਨੂੰ ਬੱਚਤ ਸ਼ੁਰੂ ਕਰਨ ਦੇ ਮੌਕੇ ਵਜੋਂ ਦੇਖਦੇ ਹਨ। ਉਨ੍ਹਾਂ ਦੇ ਪਤੀ ਦੋ ਸਾਲ ਪਹਿਲਾਂ ਗੰਭੀਰ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਕੰਮ ਕਰਨ ਵਿਚ ਅਸਮਰੱਥ ਹਨ। ਉਨ੍ਹਾਂ ਨੇ ਕਿਹਾ, “ਮੇਰੀ ਧੀ ਵੀ ਇਸ ਯੋਜਨਾ ਦੀ ਪਾਤਰ ਹੈ, ਇਸ ਲਈ ਸਾਨੂੰ ਦੋਵਾਂ ਨੂੰ ਮਿਲਾ ਕੇ ਕੁੱਲ 6,000 ਮਿਲਣਗੇ।
ਬਠਿੰਡਾ ਵਿਚ ਤਿੰਨ ਘਰਾਂ ਵਿਚ ਘਰੇਲੂ ਕੰਮ ਕਰਨ ਵਾਲੀ ਜਸਬੀਰ ਕੌਰ ਲਈ ਇਹ ਯੋਜਨਾ ਉਨ੍ਹਾਂ ਦੀ ਧੀ ਦੀ ਉੱਚ ਸਿੱਖਿਆ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ, “ਮੈਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹਾਂ, ਇਸ ਲਈ ਮੈਨੂੰ 1,500 ਪ੍ਰਤੀ ਮਹੀਨਾ ਮਿਲਣੇ ਚਾਹੀਦੇ ਸਨ, ਪਰ ਅਰਜ਼ੀ ਦੇ ਸਮੇਂ ਮੈਂ ਜਾਤੀ ਸਰਟੀਫ਼ਕੇਟ ਅਪਲੋਡ ਨਹੀਂ ਕਰ ਸਕੀ ਕਿਉਂਕਿ ਮੈਂ ਅਜੇ ਤੱਕ ਸਰਟੀਫ਼ਕੇਟ ਬਣਵਾਇਆ ਹੀ ਨਹੀਂ ਸੀ। 1,000 ਪ੍ਰਤੀ ਮਹੀਨਾ ਵੀ ਬਹੁਤ ਮਾਇਨੇ ਰੱਖਦੇ ਹਨ। ਮੇਰੀ ਧੀ ਬੀ.ਏ. ਪਹਿਲੇ ਸਾਲ ਵਿਚ ਦਾਖ਼ਲਾ ਲੈ ਰਹੀ ਹੈ ਅਤੇ ਮੈਂ ਇਹ ਰਕਮ ਉਸਦੀ ਐਡਮਿਸ਼ਨ ’ਤੇ ਖ਼ਰਚ ਕਰਾਂਗੀ।
ਗੁਰਦਾਸਪੁਰ ਦੀ 55 ਸਾਲਾ ਰਾਜ ਨੇ ਆਪਣੀ ਮਿਲੀ ਰਕਮ ਵਿਚੋਂ ਕੁੱਝ ਪੈਸੇ ਪਹਿਲਾਂ ਹੀ ਕੱਢ ਲਏ ਹਨ। ਉਨ੍ਹਾਂ ਨੇ ਕਿਹਾ, “ਮੇਰੇ ਖਾਤੇ ਵਿਚ 3,000 ਆਏ ਹਨ, ਪਰ ਅਜੇ ਮੈਂ ਸਿਰਫ਼ 1,000 ਕੱਢੇ ਹਨ। ਇਹ ਸਾਰਾ ਪੈਸਾ ਮੇਰੀਆਂ ਦਵਾਈਆਂ ’ਤੇ ਖ਼ਰਚ ਹੋਵੇਗਾ।
ਪਿਛਲੀ ਖ਼ਬਰ 70 ਕੰਪਨੀਆਂ ਇਕ ਛੱਤ ਹੇਠ, ਸੀ. ਆਈ. ਆਈ. ਵੈਂਡਰ ਕਨੈਕਟ ਐਕਸਪੋ ਨੇ ਉਦਯੋਗਾਂ ਲਈ ਖੋਲ੍ਹੇ ਨਵੇਂ ਮੌਕੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਤੋਂ ਕਰਨਗੇ ਸਵੱਛ ਰੇਲ ਆਵਾਜਾਈ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।