11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

‘ਸਤਲੁਜ’ ਫ਼ਿਲਮ ’ਤੇ ਰੋਕ ਲਗਾਉਣਾ ਸੱਚ ਦੀ ਆਵਾਜ਼ ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਘਾਣ- ਸੋਹਾਣਾ

ਅਜੀਤ ਡੈਸਕ 13-07-2026
ਐੱਸ. ਏ. ਐੱਸ. ਨਗਰ, 12 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ਦੇ ਪ੍ਰਸਾਰਣ ‘ਤੇ ਭਾਰਤ ਅੰਦਰ ਲਗਾਈ ਪਾਬੰਦੀ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਹੋਕਾ ਦੇ ਰਹੀ ਹੈ, ਉਥੇ ਸਿੱਖ ਕੌਮ ‘ਤੇ ਹੋਏ ਜ਼ੁਲਮ-ਓ-ਸਿਤਮ ਦੇ ਸੱਚ ਨੂੰ ਛੁਪਾਉਣਾ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਗਲਾ ਘੁੱਟਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ‘ਚ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਤਾਂ ਭਾਈ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਇਕੱਤਰ ਕਰਕੇ ਵੱਡੀ ਉਲੰਘਣਾ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੱਡਾ ਦਿਲ ਦਿਖਾਉਂਦੇ ਹੋਏ ‘ਸਤਲੁਜ’ ਫ਼ਿਲਮ ਤੋਂ ਪਾਬੰਦੀ ਨੂੰ ਤੁਰੰਤ ਹਟਾਏ ਕਿਉਂਕਿ ਸੱਚ ਤੋਂ ਜਿੰਨਾ ਮੂੰਹ ਮੋੜਿਆ ਜਾਵੇਗਾ, ਉਹ ਉਨੇ ਹੀ ਪ੍ਰਚੰਡ ਰੂਪ ‘ਚ ਸਾਹਮਣੇ ਆਵੇਗਾ ਅਤੇ ਅਪਰਾਧੀ ਕਦੇ ਵੀ ਜਵਾਬਦੇਹੀ ਤੋਂ ਬਚ ਨਹੀਂ ਸਕਦੇ। ਸੋਹਾਣਾ ਨੇ ਅੱਗੇ ਕਿਹਾ ਕਿ ਪੰਜਾਬ ‘ਚ ਹੋਏ ਝੂਠੇ ਮੁਕਾਬਲਿਆਂ ਦਾ ਕੌੜਾ ਸੱਚ ਮੁਹਾਲੀ ਦੀ ਮਾਣਯੋਗ ਸੀ. ਬੀ. ਆਈ. ਅਦਾਲਤ ਵਲੋਂ ਕਈ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਸਜ਼ਾਵਾਂ ਰਾਹੀਂ ਸਾਬਿਤ ਹੋ ਚੁੱਕਾ ਹੈ, ਇਸ ਲਈ ਸਰਕਾਰ ਨੂੰ ਸਿੱਖਾਂ ਅਤੇ ਪੰਜਾਬ ਪ੍ਰਤੀ ਆਪਣੀ ਰਵਾਇਤੀ ਪਹੁੰਚ ਬਦਲਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜੂਨ 1984 ਤੋਂ ਬਾਅਦ ਦੇ ਦਹਾਕੇ ‘ਚ ਹੋਏ ਸਿੱਖ ਕਤਲੇਆਮ ਤੇ ਝੂਠੇ ਮੁਕਾਬਲਿਆਂ ਦੇ ਮਾਮਲਿਆਂ ‘ਚ ਸੁਹਿਰਦ ਪਹੁੰਚ ਅਪਣਾ ਕੇ ਪੀੜਤਾਂ ਨੂੰ ਇਨਸਾਫ਼ ਦੇਵੇ ਅਤੇ ਸਿੱਖ ਕੌਮ ਦੇ ਅੱਲ੍ਹੇ ਜ਼ਖ਼ਮਾਂ ਉੱਤੇ ਮੱਲ੍ਹਮ ਲਗਾਏ।
ਪਿਛਲੀ ਖ਼ਬਰ ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਰੰਤ ਖਰੜ ਲਾਡਰਾਂ ਸੜਕ ਦੀ ਮੁਰੰਮਤ ਕਰਵਾਈ ਜਾਵੇ- ਕਰਮਾ ਕਬੂਲਪ... ਅਗਲੀ ਖ਼ਬਰ ਆਈ. ਡੀ. ਐੱਫ. ਸੀ. ਫਰਸਟ ਬੈਂਕ ਘੁਟਾਲੇ ’ਚ ਲੇਬਰ ਵੈਲਫੇਅਰ ਵਿਭਾਗ ਦੇ ਦੋ ਕਲਰਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।