05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਖਰੜ ’ਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਸ਼ਹਿਰ ਨੂੰ ਕੀਤਾ ਉਥਲ-ਪੁਥਲ

ਅਜੀਤ ਡੈਸਕ 05-07-2026
ਖਰੜ, 4 ਜੁਲਾਈ (ਤਰਸੇਮ ਸਿੰਘ ਜੰਡਪੁਰੀ)-ਅੱਜ ਖਰੜ ‘ਚ ਹੋਈ ਮੌਨਸੂਨ ਦੀ ਪਹਿਲੀ ਬਰਸਾਤ ਨੇ ਜਿਥੇ ਨਗਰ ਕੌਂਸਲ ਵਲੋਂ ਪਾਣੀ ਦੇ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ, ਉਥੇ ਹੀ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੀ ਚੋਈ ‘ਚ ਇਕ ਵਿਅਕਤੀ ਮੋਟਰਸਾਈਕਲ ਸਮੇਤ ਡਿੱਗ ਗਿਆ, ਪਰ ਗ਼ਨੀਮਤ ਰਹੀ ਕਿ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਚੋਈ ‘ਚ ਮੋਟਰਸਾਈਕਲ ਸਮੇਤ ਡਿੱਗੇ ਵਿਅਕਤੀ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਜਮੈਟੋ ‘ਚ ਕੰਮ ਕਰਦਾ ਹੈ। ਇਸ ਹਾਦਸੇ ‘ਚ ਉਸ ਦਾ ਮੋਟਰਸਾਈਕਲ ਕਾਫ਼ੀ ਨੁਕਸਾਨਿਆ ਗਿਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਵਸਨੀਕਾਂ ਪ੍ਰਭਜੋਤ ਸਿੰਘ ਖ਼ਾਲਸਾ, ਸੁਮਨ ਲਤਾ, ਪ੍ਰੀਤਮ ਸਿੰਘ ਸਿੱਧੂ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਸ਼ਹਿਰ ‘ਚ ਬਰਸਾਤੀ ਪਾਣੀ ਦੇ ਨਿਕਾਸ ਲਈ ਚੋਈ ਬਣੀ ਹੋਈ ਹੈ, ਪਰ ਇਸ ‘ਚ ਲੋਕਾਂ ਨੇ ਜਿਥੇ ਸੀਵਰੇਜ ਦਾ ਪਾਣੀ ਸੁੱਟਿਆ ਹੋਇਆ ਹੈ, ਉਥੇ ਹੀ ਕੁਝ ਲੋਕਾਂ ਵਲੋਂ ਇਸ ‘ਤੇ ਨਾਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਪਾਣੀ ਲੋਕਾਂ ਦੇ ਘਰਾਂ ‘ਚ ਵੜ੍ਹ ਕੇ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਵੱਡੇ ਪਾਈਪ ਪਾਉਣ ਅਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਵਾਉਣ ਲਈ ਸਰਕਾਰੇ-ਦਰਬਾਰੇ ਗੁਹਾਰ ਲਗਾਉਂਦੇ ਆ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਮੰਗ ਕੀਤੀ ਕਿ ਇਸ ਚੋਈ ਨੂੰ ਢੱਕਿਆ ਜਾਵੇ। ਉਧਰ ਖਰੜ ਨਗਰ ਕੌਂਸਲ ਦੇ ਵਾ. ਨੰ. 7 ਵਿਚ ਲੱਖਾਂ ਰੁ. ਖ਼ਰਚ ਕਰਕੇ ਬਣਾਈ ਗਈ ਪਾਰਕ ਨੇ ਵੀ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਟੋਭੇ ਦਾ ਰੂਪ ਧਾਰਨ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਇਸ ਪਾਰਕ ਦੀ ਹਾਲਤ ‘ਚ ਸੁਧਾਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਹਾਲਾਂਕਿ ਇਥੇ ਕੌਂਸਲ ਵਲੋਂ 40 ਫੁੱਟ ਉੱਚੀ ਮਸਟ ਲਾਈਟ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਖੜ੍ਹੇ ਪਾਣੀ ਕਾਰਨ ਜਿਥੇ ਜ਼ਹਿਰੀਲੇ ਜੀਵ-ਜੰਤੂ ਪੈਦਾ ਹੋ ਰਹੇ ਹਨ, ਉਥੇ ਹੀ ਕਰੰਟ ਲੱਗਣ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਰਕ ਦੀ ਹਾਲਤ ‘ਚ ਸੁਧਾਰ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਆਰੀਆ ਕਾਲਜ ਦੇ ਵਸਨੀਕਾਂ ਤੇ ਦੁਕਾਨਦਾਰਾਂ ਵਲੋਂ ਮੰਗ ਕੀਤੀ ਗਈ ਕਿ ਆਰੀਆ ਕਾਲਜ਼ ਰੋਡ ਅਤੇ ਲਾਂਡਰਾਂ ਰੋਡ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਉੱਚਿਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਬਰਸਾਤੀ ਪਾਣੀ ਨਾਲ ਜਿਥੇ ਉਨ੍ਹਾਂ ਦਾ ਨਿੱਜੀ ਨੁਕਸਾਨ ਹੁੰਦਾ ਹੈ, ਉਥੇ ਹੀ ਉਨ੍ਹਾਂ ਦੀਆਂ ਦੁਕਾਨਾਂ ਤੇ ਮਕਾਨਾਂ ‘ਚ ਪਿਆ ਸਾਮਾਨ ਵੀ ਖ਼ਰਾਬ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਤਾਦਾਦ ਆਬਾਦੀ ਵਧ ਰਹੀ ਹੈ, ਉਸ ਅਨੁਸਾਰ ਪਾਣੀ ਦੀ ਨਿਕਾਸੀ ਲਈ ਵੱਡੀਆਂ ਪਾਈਪਾਂ ਪਾਈਆਂ ਜਾਣ ਅਤੇ ਆਰੀਆ ਕਾਲਜ ਰੋਡ ਦੇ ਦੋਵੇਂ ਪਾਸੇ ਸਫ਼ਾਈ ਕਰਾਈ ਜਾਵੇ। ਉਧਰ ਦੂਜੇ ਪਾਸੇ ਇਸ ਮਸਲੇ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਦੇ ਜੇ. ਈ. ਮਨੋਜ ਕੁਮਾਰ ਨੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਦੇਸ਼ ਦੀ ਆਰਥਿਕ ਮਜ਼ਬੂਤੀ ਦੇ ਅਹਿਮ ਥੰਮ੍ਹ ਹਨ ਸੀ. ਏ.-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।