04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਾਮਲਾ ਹਥਿਆਰਾਂ ਦੇ ਜ਼ੋਰ ’ਤੇ ਦੁਕਾਨ ’ਤੇ ਕਬਜ਼ਾ ਕਰਨ ਦਾ ਹਰਪ੍ਰੀਤ ਸਿੰਘ ਤੇ ਸੁੱਖਾ ਬੈਨੀਪਾਲ ਸਮੇਤ 25-30 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 05-07-2026

ਡੇਰਾਬੱਸੀ, 4 ਜੁਲਾਈ (ਗੁਰਮੀਤ ਸਿੰਘ)-ਬੀਤੀ ਰਾਤ ਰਾਮ ਲੀਲ੍ਹਾ ਗਰਾਊਂਡ ਵਿਖੇ ਹਥਿਆਰਾਂ ਦੇ ਜ਼ੋਰ ‘ਤੇ ਵਕਫ਼ ਬੋਰਡ ਦੀ ਇਕ ਦੁਕਾਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਮਲਕੀਤ ਸਿੰਘ ਮੁਤਾਬਿਕ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਪਿੰਡ ਅਮਲਾਲਾ ਤੇ ਸੁੱਖਾ ਬੈਨੀਪਾਲ ਸਮੇਤ 25-30 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਈਸ਼ਵਰ ਦਾਸ ਸ਼ਰਮਾ ਦੇ ਪੁੱਤਰ ਕੁੰਵਰ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਰਾਮ ਲੀਲ੍ਹਾ ਗਰਾਊਂਡ ਦੇ ਨੇੜੇ ਉਸ ਕੋਲ ਵਕਫ਼ ਬੋਰਡ ਦੀ ਇਕ ਦੁਕਾਨ ਹੈ, ਜਿਸ ਦੀ ਵਰਤੋਂ ਉਹ ਆਪਣੀਆਂ ਕਾਰਾਂ ਖੜ੍ਹੀਆਂ ਕਰਨ ਲਈ ਕਰਦੇ ਹਨ, ਜਦਕਿ ਉਪਰਲੀ ਮੰਜ਼ਿਲ ‘ਤੇ ਮਜ਼ਦੂਰ ਰਹਿੰਦੇ ਹਨ। ਬੀਤੀ 2- 3 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਕਤ ਮੁਲਜ਼ਮ ਦੁਕਾਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ। ਉਨ੍ਹਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਦਿੱਤੇ ਅਤੇ ਅੰਦਰ ਖੜ੍ਹੀਆਂ ਕਾਰਾਂ ਨੂੰ ਟਰੈਕਟਰ ਨਾਲ ਖਿੱਚ ਕੇ ਦੁਕਾਨ ‘ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਉਪਰਲੀ ਮੰਜ਼ਿਲ ‘ਤੇ ਸੁੱਤੇ ਮਜ਼ਦੂਰਾਂ ਨਾਲ ਵੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਰਿਵਾਰ ਰੌਲਾ ਸੁਣ ਕੇ ਬਾਹਰ ਨਿਕਲਣ ਲੱਗਿਆ ਤਾਂ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਇਸ ਦੌਰਾਨ ਗੁਆਂਢੀਆਂ ਅਤੇ ਹੋਰਨਾਂ ਲੋਕਾਂ ਨੂੰ ਵੀ ਦੂਰ ਰਹਿਣ ਦੀ ਧਮਕੀ ਦਿੱਤੀ ਗਈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਟਰੈਕਟਰ ਨਾਲ ਖਿੱਚਣ ਕਰਕੇ ਮਹਿੰਗੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਹਰਪ੍ਰੀਤ ਸਿੰਘ ਉਰਫ਼ ਸ਼ਿਪੂ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਅਮਲਾਲਾ ਅਤੇ ਸੁੱਖਾ ਬੈਨੀਪਾਲ ਸਮੇਤ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਓਧਰ ਡੇਰਾਬੱਸੀ ਥਾਣੇ ਦੇ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਪਿਛਲੀ ਖ਼ਬਰ ‘ਆਪ’ ਸਰਕਾਰ ਬੇਅਦਬੀ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਰਾਜਨੀਤੀ ਕਰ ਰਹੀ-ਬੰਟੀ ਰੋਮਾਣਾ ਅਗਲੀ ਖ਼ਬਰ ਮਹਿਲਾ ਤੇ ਬਾਲ ਭਲਾਈ ਸੁਸਾਇਟੀ ਦੀਆਂ ਵਿਦਿਆਰਥਣਾਂ ਨੇ ਆਪਣੀ ਇਕ ਮਹੀਨੇ ਦੀ ਸਿਖਲਾਈ ਸਫਲਤਾਪੂਰਵਕ ਕੀਤੀ ਪੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।