25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਗਰ ਨਿਗਮ ਚੰਡੀਗੜ੍ਹ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਸੱਦਿਆ ਵਿਸ਼ੇਸ਼ ਸੈਸ਼ਨ

ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਸੁਖਵਿੰਦਰ ਸਿੰਘ ਸ਼ਾਨ)- ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਦਿਵਸ-2026 ਦੇ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਚੰਡੀਗੜ੍ਹ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਇਕ ਸਾਂਝੀ ਸਮਾਜਿਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਕਟਾਰੀਆਂ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਇਕ ਵਿਸ਼ਵਵਿਆਪੀ ਚੁਣੌਤੀ ਹੈ, ਜੋ ਸਮਾਜ, ਜਨਤਕ ਸਿਹਤ, ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀ ਹੈ। ਕਟਾਰੀਆ ਨੇ ਚਿੰਤਾ ਪ੍ਰਗਟ ਕੀਤੀ ਕਿ ਚੰਡੀਗੜ੍ਹ ਵੀ ਗ਼ੈਰ-ਕਾਨੂੰਨੀ ਤਸਕਰੀ ਦੇ ਖ਼ਤਰੇ ਲਈ ਕਮਜ਼ੋਰ ਲੜੀ ਹੈ। ਨਸ਼ਿਆਂ ਦੇ ਤਸਕਰ ਇਸ ਬੁਰਾਈ ਨੂੰ ਸਕੂਲਾਂ ਅਤੇ ਕਾਲਜਾਂ ਤੋਂ ਲੈ ਕੇ ਸਥਾਨਕ ਭਾਈਚਾਰਿਆਂ ਵਿਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਨਗਰ ਨਿਗਮ ਨੂੰ ਹਰੇਕ ਵਾਰਡ ਵਿਚ ਜਨਤਕ ਜਾਗਰੂਕਤਾ ਪ੍ਰੋਗਰਾਮ ਕਰਵਾਉਣ, ਕਮਿਊਨਿਟੀ ਸੈਂਟਰਾਂ ਵਿਚ ਕਾਉਂਸਲਿੰਗ ਸੈਸ਼ਨ ਕਰਾਉਣ ਅਤੇ ਮੁਹਿੰਮ ਵਿਚ ਸਕੂਲਾਂ, ਕਾਲਜਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਔਰਤ ਸਮੂਹਾਂ, ਨੌਜਵਾਨ ਕਲੱਬਾਂ ਤੇ ਸਵੈ-ਇੱਛੁਕ ਸੰਗਠਨਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨਾ ਚਾਹੀਦਾ ਹੈ। ਸ਼੍ਰੀ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇਹ ਲੜਾਈ ਸਿਰਫ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਯਤਨਾਂ ਨਾਲ ਨਹੀਂ ਜਿੱਤੀ ਜਾ ਸਕਦੀ, ਪਰ ਆਮ ਲੋਕਾਂ ਦੀ ਭਾਗੀਦਾਰ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਹਰੇਕ ਵਾਰਡ ਵਿਚ ‘ਨਸ਼ਾ-ਮੁਕਤ ਵਾਰਡ ਕਮੇਟੀਆਂ’ ਦੇ ਗਠਨ ਦਾ ਪ੍ਰਸਤਾਵ ਰੱਖਿਆ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਦੇ ਪੁਨਰਵਾਸ, ਇਲਾਜ ਅਤੇ ਸਮਾਜਿਕ ਪੁਨਰਗਠਨ ਲਈ ਇੱਕ ਸੰਵੇਦਨਸ਼ੀਲ ਪਹੁੰਚ ਅਪਣਾਉਣ ਦਾ ਵੀ ਸੱਦਾ ਦਿੱਤਾ।ਇਸ ਮੌਕੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਰਾਜਪਾਲ ਨੂੰ ਭਰੋਸਾ ਦਿਵਾਇਆ ਕਿ ਨਗਰ ਨਿਗਮ ਕੌਂਸਲਰਾਂ, ਨਾਗਰਿਕਾਂ ਅਤੇ ਸਮਾਜਿਕ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਨਾਲ ਸ਼ਹਿਰ ਭਰ ਵਿਚ ਵਾਰਡ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰੇਗਾ। ਰਾਜਪਾਲ ਵੱਲੋਂ ਨਗਰ ਨਿਗਮ ਨੂੰ ਦਿੱਤੇ ਜਾ ਰਹੇ ਨਿਰੰਤਰ ਮਾਰਗ ਦਰਸ਼ਨ ਤੇ ਸਮਰਥਨ ਦੀ ਸ਼ਲਾਘਾ ਕਰਦਿਆਂ, ਜੋਸ਼ੀ ਕਿਹਾ ਕਿ ਇਹ ਜਨਤਕ ਪ੍ਰਤੀਨਿਧੀਆਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਕਿ ਉਹ ਨਾਗਰਿਕਾਂ ਨੂੰ ਸਿੱਖਿਅਤ ਕਰਨ, ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਤੇ ਹਰ ਖੇਤਰ ਵਿਚ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ (ਆਈ.ਏ.ਐਸ.) ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਨਗਰ ਨਿਗਮ ਦੇ ਭਲਾਈ ਤੇ ਪ੍ਰਗਤੀਸ਼ੀਲ ਵਿਕਾਸ ਲਈ ਉਨ੍ਹਾਂ ਦੇ ਨਿਰੰਤਰ ਉਤਸ਼ਾਹ ਤੇ ਵਿਸ਼ੇਸ਼ ਚਿੰਤਾ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਜਨਤਕ ਜਾਗਰੂਕਤਾ, ਪੁਨਰਵਾਸ ਸਹਾਇਤਾ ਤੇ ਭਾਈਚਾਰਕ ਭਾਗੀਦਾਰੀ ਰਾਹੀਂ ਰਾਜਪਾਲ ਦੇ ਦ੍ਰਿਸ਼ਟੀਕੋਣ ਨੂੰ ਅਮਲ ਵਿਚ ਲਿਆਉਣ ਲਈ ਨਗਰ ਨਿਗਮ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਰਾਜਪਾਲ ਨੇ ਨਗਰ ਨਿਗਮ ਚੰਡੀਗੜ੍ਹ ਦੇ ਸਾਰੇ ਕੌਂਸਲਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਸ਼ਾ ਵਿਰੋਧੀ ਸਹੁੰ ਚੁਕਾਈ ਅਤੇ ਨਸ਼ਾ ਵਿਰੋਧੀ ਦਸਤਖ਼ਤ ਬੋਰਡ ’ਤੇ ਦਸਤਖ਼ਤ ਕਰਕੇ ‘ਨਸ਼ਾ ਮੁਕਤ ਚੰਡੀਗੜ੍ਹ’ ਬਣਾਉਣ ਦੇ ਸਮੂਹਿਕ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ।
ਪਿਛਲੀ ਖ਼ਬਰ ਸੈਕਟਰ-11 ਹੱਤਿਆਕਾਂਡ : ਸ਼ੂਟਰਾਂ ਦੇ ਹਸਪਤਾਲ ’ਚ ਹੋਣ ਕਾਰਨ ਜਾਂਚ ਦੀ ਰਫ਼ਤਾਰ ਮੱਠੀ ਅਗਲੀ ਖ਼ਬਰ 7 ਚੋਰੀਸ਼ੁਦਾ ਐਕਟਿਵਾ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।