ਚੰਡੀਗੜ੍ਹ, 23 ਜੂਨ (ਸੰਦੀਪ ਕੁਮਾਰ ਮਾਹਨਾ) – ਭਾਰਤੀ ਜਨਸੰਘ ਦੇ ਸੰਸਥਾਪਕ, ਉੱਘੇ ਰਾਸ਼ਟਰਵਾਦੀ ਆਗੂ ਅਤੇ ਸਿੱਖਿਆ ਸ਼ਾਸਤਰੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮੌਕੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਸੈਕਟਰ 33 ਸਥਿਤ ਸੂਬਾ ਦਫ਼ਤਰ ਕਮਲਮ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਨੇ ਕਿਹਾ ਕਿ ਡਾ. ਮੁਖਰਜੀ ਦਾ ਜੀਵਨ ਰਾਸ਼ਟਰ ਭਗਤੀ, ਸਿਧਾਂਤਕ ਦ੍ਰਿੜ੍ਹਤਾ ਅਤੇ ਜਨਸੇਵਾ ਦਾ ਪ੍ਰਤੀਕ ਹੈ। ਉਨ੍ਹਾਂ ਵਲੋਂ ਭਾਰਤ ਦੀ ਏਕਤਾ, ਅਖੰਡਤਾ ਅਤੇ ਰਾਸ਼ਟਰੀ ਏਕਜੁੱਟਤਾ ਲਈ ਦਿੱਤਾ ਗਿਆ ਬਲਿਦਾਨ ਅੱਜ ਵੀ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਡਾ. ਮੁਖਰਜੀ ਦੇ ਵਿਚਾਰ ਅਤੇ ‘ਰਾਸ਼ਟਰ ਸਰਵੋਪਰੀ’ ਦਾ ਸੰਦੇਸ਼ ਮੌਜੂਦਾ ਸਮੇਂ ਵਿਚ ਵੀ ਉਤਨਾ ਹੀ ਪ੍ਰਸੰਗਿਕ ਹੈ ਜਿੰਨਾ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਸੀ।ਸਮਾਗਮ ਦੌਰਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਤਸਵੀਰ ’ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੌਦਾਨ ਸਿੰਘ ਨੇ ਕਿਹਾ ਕਿ ਡਾ. ਮੁਖਰਜੀ ਨੇ ਜੰਮੂ-ਕਸ਼ਮੀਰ ਵਿਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਦੀ ਵਿਵਸਥਾ ਦਾ ਡਟ ਕੇ ਵਿਰੋਧ ਕੀਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਕ ਦੇਸ਼ ਵਿਚ ਦੋ ਸੰਵਿਧਾਨ, ਦੋ ਪ੍ਰਧਾਨ ਅਤੇ ਦੋ ਝੰਡੇ ਨਹੀਂ ਹੋ ਸਕਦੇ। ਇਸ ਸਿਧਾਂਤ ਲਈ ਉਨ੍ਹਾਂ ਨੇ ਆਪਣਾ ਸਰਵੋਚ ਬਲਿਦਾਨ ਦਿੱਤਾ, ਜਿਸ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਸਿਰਫ਼ ਇਕ ਸਫ਼ਲ ਰਾਜਨੀਤਿਕ ਆਗੂ ਹੀ ਨਹੀਂ ਸਨ, ਸਗੋਂ ਉਹ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ ਅਤੇ ਰਾਸ਼ਟਰ ਨਿਰਮਾਤਾ ਵੀ ਸਨ। ਉਹ ਭਾਰਤ ਦੇ ਸਭ ਤੋਂ ਨੌਜਵਾਨ ਵਾਈਸ ਚਾਂਸਲਰ ਬਣੇ ਅਤੇ ਬਾਅਦ ਵਿਚ ਦੇਸ਼ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਹਮੇਸ਼ਾ ਰਾਸ਼ਟਰੀ ਹਿੱਤਾਂ ਨੂੰ ਨਿੱਜੀ ਅਤੇ ਰਾਜਨੀਤਿਕ ਹਿੱਤਾਂ ਤੋਂ ਉੱਪਰ ਰੱਖਿਆ ਅਤੇ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਬਜਾਏ ਅਹੁਦਾ ਛੱਡਣਾ ਬਿਹਤਰ ਸਮਝਿਆ। ਸੌਦਾਨ ਸਿੰਘ ਨੇ ਕਿਹਾ ਕਿ ਸਾਲ 1951 ਵਿਚ ਭਾਰਤੀ ਜਨਸੰਘ ਦੀ ਸਥਾਪਨਾ ਕਰਕੇ ਡਾ. ਮੁਖਰਜੀ ਨੇ ਰਾਸ਼ਟਰਵਾਦੀ ਰਾਜਨੀਤੀ ਦੀ ਮਜ਼ਬੂਤ ਨੀਂਹ ਰੱਖੀ ਸੀ, ਜੋ ਅੱਜ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਤਾਕਤ ਬਣ ਚੁੱਕੀ ਹੈ। ਡਾ. ਮੁਖਰਜੀ ਦੇ ਵਿਚਾਰ ਅਤੇ ਆਦਰਸ਼ ਭਾਰਤੀ ਜਨਤਾ ਪਾਰਟੀ ਦੇ ਹਰੇਕ ਵਰਕਰ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਦੱਸਿਆ ਕਿ ਡਾ. ਮੁਖਰਜੀ ਦੀ ਬਰਸੀ ਮੌਕੇ ਚੰਡੀਗੜ੍ਹ ਦੇ ਸਾਰੇ 6 ਸੰਗਠਨਾਤਮਕ ਜ਼ਿਲ੍ਹਿਆਂ ਵਿਚ ਕੁੱਲ 12 ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਹਜ਼ਾਰਾਂ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕਰਕੇ ਡਾ. ਮੁਖਰਜੀ ਦੇ ਰਾਸ਼ਟਰਵਾਦੀ ਵਿਚਾਰਾਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦਾ ‘ਰਾਸ਼ਟਰ ਸਰਵੋਪਰੀ’ ਦਾ ਸੰਦੇਸ਼ ਅਤੇ ਅਖੰਡ ਭਾਰਤ ਦਾ ਸੁਪਨਾ ਅੱਜ ਵੀ ਕਰੋੜਾਂ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਪਾਰਟੀ ਵਰਕਰਾਂ ਨੇ ਇਸ ਮੌਕੇ ਡਾ. ਮੁਖਰਜੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਣ ਦਾ ਸੰਕਲਪ ਲਿਆ ਹੈ। ਸਮਾਗਮ ਵਿਚ ਸੂਬਾ ਉਪ ਪ੍ਰਧਾਨ ਨਰੇਸ਼ ਪੰਚਾਲ, ਇੰਦਰਾ ਸਿੰਘ ਅਤੇ ਭਾਰਤ ਕੁਮਾਰ, ਸੂਬਾ ਮੀਡੀਆ ਇੰਚਾਰਜ ਰਵੀ ਰਾਵਤ, ਸੈੱਲਾਂ ਅਤੇ ਵਿਭਾਗਾਂ ਦੇ ਕਨਵੀਨਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਸਹਿ ਕਨਵੀਨਰ ਰਮੇਸ਼ ਸਾਹੋਰ, ਸੂਬਾ ਸਕੱਤਰ ਰੂਚੀ ਸ਼ੇਖਰੀ, ਮੀਨਾਕਸ਼ੀ ਠਾਕੁਰ ਅਤੇ ਸੋਨੀਆ ਦੁੱਗਲ, ਮਹਿਲਾ ਮੋਰਚਾ ਪ੍ਰਧਾਨ ਸੋਨਮ ਵਰਮਾ, ਖੇਡ ਸੈੱਲ ਕਨਵੀਨਰ ਪ੍ਰਭਜੀਤ ਸਿੰਘ ਲਾਂਬਾ, ਜ਼ਿਲ੍ਹਾ ਪ੍ਰਧਾਨ ਰਵਿੰਦਰ ਮਲਿਕ, ਸੋਨੂ ਸਰਪੰਚ, ਖੁਸ਼ਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਵਿਚ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ਾਂ ’ਤੇ ਚੱਲਦਿਆਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਵਿਕਾਸ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਦੁਹਰਾਇਆ।