ਚੰਡੀਗੜ੍ਹ, 2 ਜੂਨ (ਸੰਦੀਪ ਕੁਮਾਰ ਮਾਹਨਾ) - ਹਾਲੀਆ ਸਥਾਨਕ ਸਰਕਾਰ ਚੋਣਾਂ 'ਚ ਰੱਦ ਅਤੇ ਅਣਅਧਿਕਾਰਤ ਕਰਾਰ ਦਿੱਤੀਆਂ ਗਈਆਂ ਵੋਟਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਨਤਕ ਕਰਨ ਨੂੰ ਲੈ ਕੇ ਭਾਜਪਾ ਦੇ ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਚੋਣ ਨਤੀਜਿਆਂ ਦੀ ਨਿਰਪੱਖਤਾ ਸਬੰਧੀ ਉੱਠ ਰਹੇ ਸਵਾਲਾਂ ਦਾ ਜਵਾਬ ਮਿਲ ਸਕੇਗਾ | ਬੱਲੀਏਵਾਲ ਨੇ ਕਿਹਾ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲੋਕਤੰਤਰ ਪ੍ਰਣਾਲੀ ਦਾ ਅਹਿਮ ਹਿੱਸਾ ਹਨ ਤੇ ਇਨ੍ਹਾਂ ਚੋਣਾਂ ਨਾਲ ਸਬੰਧਤ ਹਰ ਜਾਣਕਾਰੀ ਲੋਕਾਂ ਲਈ ਉਪਲਬਧ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੂੰ ਰੱਦ ਹੋਈਆਂ ਵੋਟਾਂ ਦਾ ਪੂਰਾ ਵੇਰਵਾ ਜਨਤਕ ਕਰਨਾ ਚਾਹੀਦਾ ਹੈ | ਬਲੀਏਵਾਲ ਨੇ ਮੰਗ ਕੀਤੀ ਕਿ ਹਰ ਵਾਰਡ ਵਿਚ ਰੱਦ ਅਤੇ ਅਣਅਧਿਕਾਰਤ ਵੋਟਾਂ ਦੀ ਕੁੱਲ ਗਿਣਤੀ, ਬੂਥ-ਵਾਰ ਰੱਦ ਹੋਏ ਬੈਲਟ ਪੇਪਰਾਂ ਦਾ ਵੇਰਵਾ, ਵੋਟਾਂ ਨੂੰ ਰੱਦ ਕਰਨ ਦੇ ਕਾਰਨ, ਕੁੱਲ ਪਈਆਂ ਵੋਟਾਂ, ਜਾਇਜ ਵੋਟਾਂ ਤੇ ਰੱਦ ਵੋਟਾਂ ਦਾ ਅੰਕੜਾ ਜਨਤਕ ਕੀਤਾ ਜਾਵੇ | ਇਸ ਦੇ ਨਾਲ-ਨਾਲ ਜ਼ਿਲ੍ਹਾ-ਵਾਰ ਰੱਦ ਹੋਈਆਂ ਵੋਟਾਂ ਦਾ ਇਕੱਠਾ ਡਾਟਾ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ | ਬੱਲੀਏਵਾਲ ਨੇ ਕਿਹਾ ਕਿ ਕਈ ਵਾਰਡਾਂ 'ਚ ਉਮੀਦਵਾਰਾਂ ਦੀ ਜਿੱਤ ਦਾ ਫ਼ਰਕ ਬਹੁਤ ਘੱਟ ਰਿਹਾ ਹੈ | ਅਜਿਹੇ ਮਾਮਲਿਆਂ ਵਿਚ ਇਹ ਜਾਣਨਾ ਜ਼ਰੂਰੀ ਬਣ ਜਾਂਦਾ ਹੈ ਕਿ ਰੱਦ ਕੀਤੀਆਂ ਗਈਆਂ ਵੋਟਾਂ ਦਾ ਨਤੀਜਿਆਂ 'ਤੇ ਕੋਈ ਅਸਰ ਪਿਆ ਹੈ ਜਾਂ ਨਹੀਂ |ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੇ ਇਕ ਵਾਰ ਫਿਰ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ | ਈ.ਵੀ.ਐਮ. ਰਾਹੀਂ ਚੋਣਾਂ ਕਰਵਾਉਣ ਨਾਲ ਵੋਟਾਂ ਰੱਦ ਹੋਣ ਦੀ ਸੰਭਾਵਨਾ ਨਾ-ਮਾਤਰ ਰਹਿ ਜਾਂਦੀ ਹੈ ਜਦਕਿ ਵੋਟਾਂ ਦੀ ਗਿਣਤੀ ਵੀ ਵਧੇਰੇ ਤੇਜ਼ ਅਤੇ ਸਹੀ ਢੰਗ ਨਾਲ ਨੇਪਰੇ ਚੜ੍ਹਦੀ ਹੈ |