ਚੰਡੀਗੜ੍ਹ, 2 ਜੂਨ (ਅਜੀਤ ਬਿਊਰੋ)-ਬਠਿੰਡਾ ਦੀ 37 ਸਾਲਾ ਗੁਰਪ੍ਰੀਤ ਕੌਰ, ਜਿਸ ਦੇ ਦਿਲ ਵਿਚ ਇਕ ਵੱਡਾ ਸੁਰਾਖ਼ ਸੀ ਦਾ ਏਮਸ ਬਠਿੰਡਾ ਵਿਚ ਸਫਲ ਇਲਾਜ ਹੋਇਆ ਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਸਹਿਯੋਗ ਨਾਲ ਉਸ ਨੂੰ ਜੀਵਨ ਦਾ ਨਵਾਂ ਮੌਕਾ ਮਿਲਿਆ | ਗੁਰਪ੍ਰੀਤ ਦੀ ਜ਼ਿੰਦਗੀ ਪਰਿਵਾਰ ਪ੍ਰਤੀ ਆਪਣੀਆਂ ਆਮ ਜ਼ਿੰਮੇਵਾਰੀਆਂ ਦੇ ਆਲੇ-ਦੁਆਲੇ ਘੁੰਮਦੀ ਸੀ ਪਰ ਕਿਸੇ ਨੂੰ ਅੰਦਾਜਾ ਨਹੀਂ ਸੀ ਕਿ ਉਹ ਜਨਮ ਤੋਂ ਹੀ ਦਿਲ ਦੀ ਇਕ ਬਿਮਾਰੀ ਨਾਲ ਜੂਝ ਰਹੀ ਸੀ, ਜੋ ਸਾਲਾਂ ਤੱਕ ਸਾਹਮਣੇ ਹੀ ਨਾ ਆਈ | ਏਮਜ਼ ਬਠਿੰਡਾ 'ਚ ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਗੁਰਪ੍ਰੀਤ ਦੇ ਦਿਲ ਦੇ ਉੱਪਰ ਦੋਹਾਂ ਹਿੱਸਿਆ ਵਿਚਕਾਰ 22 ਮਿਲੀਮੀਟਰ ਦਾ ਵੱਡਾ ਐਟਰੀਅਲ ਸੈਪਟਲ ਡਿਫੈਕਟ (ਏ.ਐਸ.ਡੀ.) ਸੀ | ਇਸ ਕਾਰਨ ਖੂਨ ਦੇ ਪ੍ਰਵਾਹ ਵਿਚ ਗੜਬੜੀ ਆ ਗਈ ਅਤੇ ਦਿਲ 'ਤੇ ਵਾਧੂ ਦਬਾਅ ਪੈ ਰਿਹਾ ਸੀ | ਜੇ ਇਸ ਦਾ ਇਲਾਜ ਨਾ ਹੁੰਦਾ ਤਾਂ ਅੱਗੇ ਚੱਲ ਕੇ ਇਹ ਦਿਲ ਦੇ ਫੇਲ੍ਹ ਹੋਣ ਵਰਗੀਆਂ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦਾ ਸੀ | ਬਿਮਾਰੀ ਦਾ ਪਤਾ ਲੱਗਦੇ ਹੀ ਪਰਿਵਾਰ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ | ਇਕ ਪਾਸੇ ਉਨ੍ਹਾਂ ਦੀ ਸਿਹਤ ਦੀ ਚਿੰਤਾ ਸੀ, ਦੂਜੇ ਪਾਸੇ ਇਲਾਜ ਦੇ ਖ਼ਰਚ ਦਾ ਬੋਝ ਵੀ ਸੀ | ਗੁਰਪ੍ਰੀਤ ਕੌਰ ਨੇ ਦੱਸਿਆ, 'ਸਭ ਤੋਂ ਪਹਿਲਾਂ ਮੇਰੇ ਮਨ ਵਿਚ ਇਲਾਜ ਦੇ ਖ਼ਰਚ ਦਾ ਹੀ ਖ਼ਿਆਲ ਆਇਆ | ਮੈਨੂੰ ਚਿੰਤਾ ਸੀ ਕਿ ਅਸੀਂ ਇਹ ਖ਼ਰਚ ਕਿਵੇਂ ਝੱਲਾਂਗੇ | ਏਮਸ ਬਠਿੰਡਾ ਦੇ ਮਾਹਿਰਾਂ ਨੇ ਇਸ ਖਾਮੀ ਨੂੰ ਠੀਕ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਦੀ ਸਲਾਹ ਦਿੱਤੀ | ਹਸਪਤਾਲ ਦੇ ਰਿਕਾਰਡ ਮੁਤਾਬਿਕ 5 ਮਈ 2026 ਨੂੰ ਕਾਰਡਿਯਕ ਕੈਥੇਟਰਾਈਜੇਸਨ ਲੈਬ ਵਿਚ ਜਨਰਲ ਐਨੇਸਥੀਸੀਆ ਹੇਠ ਇਹ ਪ੍ਰਕਿਰਿਆ ਕੀਤੀ ਗਈ | ਇਸ ਦੌਰਾਨ 24 ਮਿਲੀਮੀਟਰ ਦਾ ਐਮਪਲੈਟਜਰ ਸੈਪਟਲ ਓਕਲੂਡਰ ਡਿਵਾਈਸ ਲਗਾ ਕੇ ਦਿਲ ਦੇ ਛੇਦ ਨੂੰ ਬੰਦ ਕੀਤਾ ਗਿਆ | ਪਰਿਵਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ 'ਤੇ ਭਰੋਸਾ ਕੀਤਾ, ਜਿਸ ਨੇ ਕਰੀਬ ਇਕ ਲੱਖ ਰੁਪਏ ਦੀ ਇਲਾਜ ਲਾਗਤ ਨੂੰ ਕਵਰ ਕੀਤਾ | ਇਹ ਪ੍ਰਕਿਰਿਆ ਖਤਰਿਆਂ ਨਾਲ ਭਰੀ ਹੋਈ ਸੀ | ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਫ਼ਲ ਰਹੀ ਤੇ ਕੋਈ ਜਟਿਲਤਾ ਸਾਹਮਣੇ ਨਹੀਂ ਆਈ | ਗੁਰਪ੍ਰੀਤ ਲਈ ਇਹ ਸਿਹਤਮੰਦ ਭਵਿੱਖ ਵੱਲ ਇਕ ਨਵੀਂ ਸ਼ੁਰੂਆਤ ਸੀ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਜਨਤਕ ਸਿਹਤ ਸਹਾਇਤਾ ਦੇ ਅਸਲ ਉਦੇਸ਼ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ, 'ਕਿਸੇ ਵੀ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਮਿਆਰੀ ਇਲਾਜ ਤੋਂ ਵੰਚਿਤ ਨਹੀਂ ਰਹਿਣਾ ਚਾਹੀਦਾ | ਗੁਰਪ੍ਰੀਤ ਦੀ ਸਿਹਤਯਾਬੀ ਇਸ ਗੱਲ ਦਾ ਸਬੂਤ ਹੈ ਕਿ ਸਮੇਂ ਸਿਰ ਮੈਡੀਕਲ ਸਹੂਲਤ ਅਤੇ ਆਰਥਿਕ ਸੁਰੱਖਿਆ ਨਾ ਸਿਰਫ਼ ਜ਼ਿੰਦਗੀਆਂ ਬਚਾ ਸਕਦੀ ਹੈ, ਸਗੋਂ ਪਰਿਵਾਰਾਂ ਦੀ ਇੱਜ਼ਤ ਵੀ ਕਾਇਮ ਰੱਖ ਸਕਦੀ ਹੈ |