05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਚੰਡੀਗੜ੍ਹ ਵਿਖੇ ਸੋਮਵਾਰ ਨੂੰ ਪਾਸਪੋਰਟ ਦਫ਼ਤਰ ਵਿਖੇ ਮਚਿਆ ਹੜਕੰਪ <br/>

ਅਜੀਤ ਡੈਸਕ 14-04-2026
ਚੰਡੀਗੜ੍ਹ, 13 ਅਪ੍ਰੈਲ (ਕਪਿਲ ਵਧਵਾ)– ਚੰਡੀਗੜ੍ਹ 'ਚ ਵਿਦੇਸ਼ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੂੰ ਇਕ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਸੋਮਵਾਰ ਨੂੰ ਪਾਸਪੋਰਟ ਦਫਤਰ ਵਿਖੇ ਹੜਕੰਪ ਮਚ ਗਿਆ | ਈ-ਮੇਲ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਸਪੋਰਟ ਦਫਤਰ ਅਤੇ ਸ਼ਹਿਰ ਦੇ ਵੱਖ-ਵੱਖ ਡਾਕਘਰਾਂ ਵਿਚ ਸਾਇਨਾਈਡ ਭਰੇ ਕੁੱਲ 14 ਜ਼ਹਿਰੀਲੇ ਆਈ.ਈ.ਡੀ. ਲਗਾਏ ਗਏ ਹਨ, ਜੋ ਦੁਪਹਿਰ 1 ਵੱਜ ਕੇ 15 ਮਿੰਟ 'ਤੇ ਧਮਾਕਾ ਕਰਨਗੇ | ਜਾਣਕਾਰੀ ਅਨੁਸਾਰ ਇਹ ਈ-ਮੇਲ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਭੇਜੀ ਗਈ ਸੀ | ਈ-ਮੇਲ ਭੇਜਣ ਵਾਲੇ ਨੇ ਆਪਣੇ ਆਪ ਨੂੰ 'ਆਜ਼ਾਦ ਦ੍ਰਾਵਿੜ ਨਾਡੁ' ਨਾਲ ਜੁੜਿਆ ਹੋਇਆ ਦੱਸਦੇ ਹੋਏ ਇਸ ਧਮਕੀ ਦੇ ਪਿੱਛੇ ਤਮਿਲਨਾਡੂ ਦੇ ਰਾਜਨੀਤਿਕ ਅਤੇ ਪੁਲਿਸ ਮਾਮਲਿਆਂ ਨਾਲ ਨਾਲ ਬੰਗਲਾਦੇਸ਼ ਨਾਲ ਸੰਬੰਧਿਤ ਘਟਨਾਵਾਂ 'ਤੇ ਨਾਰਾਜ਼ਗੀ ਜਤਾਈ ਹੈ | ਇਸ ਵਿਚ ਕੁਝ ਵਿਅਕਤੀਆਂ—ਮੈਥਿਊ ਵੈਨਡਾਇਕ ਅਤੇ ਜਾਫਰ ਸਾਦਿਕ—ਦੀ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ | ਈ-ਮੇਲ ਮਿਲਣ ਦੇ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਅਤੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਪਾਸਪੋਰਟ ਦਫਤਰ ਨੂੰ ਖਾਲੀ ਕਰਵਾ ਕੇ ਕਰੀਬ ਦੋ ਘੰਟਿਆਂ ਤੱਕ ਚੈਕਿੰਗ ਮੁਹਿੰਮ ਚਲਾਈ ਗਈ | ਇਸ ਦੌਰਾਨ ਸਟਾਫ ਨੂੰ ਬਾਹਰ ਕੱਢ ਕੇ ਪੂਰੇ ਦਫਤਰ ਦੀ ਤਲਾਸ਼ੀ ਲਈ ਗਈ, ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ | ਥਾਣਾ ਸੈਕਟਰ-31 ਦੇ ਐਸ.ਐਚ.ਓ. ਇੰਸਪੈਕਟਰ ਹਰਿਓਮ ਸ਼ਰਮਾ ਨੇ ਦੱਸਿਆ ਕਿ ਇਹ ਈ-ਮੇਲ 'ਨੀਰਜਾ ਗਾਂਧੀ' ਦੇ ਨਾਮ ਨਾਲ ਭੇਜੀ ਗਈ ਹੈ, ਜਿਸ ਦਾ ਚੰਡੀਗੜ੍ਹ ਵਿਚ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ | ਉਨ੍ਹਾਂ ਨੇ ਕਿਹਾ ਕਿ ਈ-ਮੇਲ ਵਿਚ ਜਿਨ੍ਹਾਂ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ, ਉਹ ਵੀ ਚੰਡੀਗੜ੍ਹ ਦੀ ਕਿਸੇ ਜੇਲ੍ਹ ਵਿਚ ਨਹੀਂ ਹਨ | ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਪੂਰਾ ਤਲਾਸ਼ੀ ਅਭਿਆਨ ਚਲਾਇਆ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ ਅਤੇ ਈ-ਮੇਲ ਦੀ ਆਈ.ਪੀ. ਐਡਰੈਸ ਟਰੇਸ ਕਰਨ ਲਈ ਤਕਨੀਕੀ ਜਾਂਚ ਜਾਰੀ ਹੈ | ਪੁਲਿਸ ਨੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਾ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ |
ਪਹਿਲਾਂ ਵੀ ਮਿਲ ਚੁੱਕੀਆਂ ਧਮਕੀਆਂ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਹਿਰ ਵਿਚ ਬੰਬ ਦੀ ਧਮਕੀ ਮਿਲੀ ਹੋਵੇ | ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸਕੂਲਾਂ ਨੂੰ ਦੋ ਵਾਰ, ਪਾਸਪੋਰਟ ਦਫਤਰ ਨੂੰ 1 ਮਾਰਚ ਨੂੰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਤਿੰਨ ਵਾਰ ਅਤੇ ਜ਼ਿਲ੍ਹਾ ਅਦਾਲਤ ਨੂੰ ਵੀ ਤਿੰਨ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ | ਹਾਲਾਂਕਿ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ |

ਪਿਛਲੀ ਖ਼ਬਰ ਪੈੱਕ 'ਚ ਤਿੰਨ ਦਿਨਾਂ ਫ਼ਿਲਮ ਮੇਕਿੰਗ ਮੇਲਾ ਲੂਮੀਏਰ 2026 ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਤਾਲਮੇਲ ਸੰਘਰਸ਼ ਕਮੇਟੀ ਦੇ ਵਫ਼ਦ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।