15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੀ. ਪੀ. ਆਈ. ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਨੇ ਗਮਾਡਾ ਦਫ਼ਤਰ ਅੱਗੇ ਜਾਰੀ ਧਰਨੇ ਨੂੰ ਦਿੱਤਾ ਸਮਰਥਨ <br/>

ਅਜੀਤ ਡੈਸਕ 11-04-2026
ਐੱਸ. ਏ. ਐੱਸ. ਨਗਰ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹਾ ਮੁਹਾਲੀ ਦੇ ਤਕਰੀਬਨ 12 ਪਿੰਡਾਂ ਦੀ ਜ਼ਮੀਨ ਜੋ ਕਿ ਗਮਾਡਾ ਵਲੋਂ ਐਕਵਾਇਰ ਕੀਤੀ ਜਾ ਰਹੀ ਹੈ, ਦੇ ਵਿਰੋਧ 'ਚ ਗਮਾਡਾ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ 'ਚ ਅੱਜ ਸੀ. ਪੀ. ਆਈ. ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਵਲੋਂ ਆਪਣੇ ਸਾਥੀਆਂ ਸਮੇਤ ਧਰਨੇ 'ਚ ਸ਼ਮੂਲੀਅਤ ਕੀਤੀ ਗਈ ਤੇ ਪੰਜਾਬ ਸਰਕਾਰ ਤੇ ਗਮਾਡਾ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਖੋਹੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਮੌਕੇ ਕਾਮਰੇਡ ਬੰਤ ਸਿੰਘ ਬਰਾੜ ਤੇ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੀ. ਪੀ. ਆਈ. ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਹੋਣ ਤੱਕ ਉਨ੍ਹਾਂ ਦਾ ਡੱਟ ਕੇ ਸਾਥ ਦੇਵੇਗੀ ਅਤੇ ਇਸ ਸੰਘਰਸ਼ 'ਚ ਪੂਰਾ ਸਾਥ ਦੇਵੇਗੀ | ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੀ ਤਰਜ਼ 'ਤੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਐਕਵਾਇਰ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਢੁਕਵੇਂ ਲਾਭ ਦਿੱਤੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਉਂਝ ਵੀ ਗਮਾਡਾ ਵਲੋਂ ਜੋ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਉਸ ਦੀ ਮੌਜੂਦਾ ਸਮੇਂ 'ਚ ਸਰਕਾਰ ਨੂੰ ਕੋਈ ਜ਼ਰੂਰਤ ਨਹੀਂ ਹੈ, ਪਰ ਸਰਕਾਰ ਤੇ ਗਮਾਡਾ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬੀਆਂ 'ਚ ਗੁੱਸੇ ਦੀ ਲਹਿਰ ਦੌੜ ਗਈ ਹੈ, ਜਿਸ ਅੱਗੇ ਸਰਕਾਰ ਨੂੰ ਹਰ ਹਾਲਤ 'ਚ ਝੁਕਣਾ ਪਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ 'ਆਪ' ਸਰਕਾਰ ਪ੍ਰਾਪਰਟੀ ਡੀਲਰਾਂ ਵਾਂਗ ਕੰਮ ਕਰ ਰਹੀ ਹੈ ਅਤੇ ਗਮਾਡਾ ਭਿ੍ਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ | ਇਸੇ ਦੌਰਾਨ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਫਰੰਟ ਵਲੋਂ ਕਿਸਾਨਾਂ ਦੀਆਂ ਮੰਗਾਂ ਦੀ ਡੱਟ ਕੇ ਹਮਾਇਤ ਕੀਤੀ ਜਾ ਰਹੀ ਹੈ | ਉਨਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ 'ਚ ਵਧ ਚੜ੍ਹ ਕੇ ਸ਼ਿਰਕਤ ਕਰਨ ਤਾਂ ਜੋ ਪੰਜਾਬ ਨੂੰ ਉਜੜਨ ਤੋਂ ਬਚਾਇਆ ਜਾ ਸਕੇ | ਇਸ ਮੌਕੇ ਜਗਰੂਪ ਸਿੰਘ ਕੁਰੜੀ, ਕਰਨੈਲ ਸਿੰਘ ਕੁਰੜੀ, ਹਰਮਿੰਦਰ ਸਿੰਘ ਪੱਤੋਂ, ਹਰਬੰਸ ਸਿੰਘ ਪੱਤੋਂ, ਗੁਰਜੀਤ ਸਿੰਘ ਪੱਤੋਂ, ਬਲਬੀਰ ਸਿੰਘ ਪੱਤੋਂ, ਹਰਜੀਤ ਸਿੰਘ ਬੜੀ, ਐਡਵੋਕੇਟ ਗੁਰਵੀਰ ਸਿੰਘ ਅੰਟਾਲ ਬੜੀ, ਜਰਨੈਲ ਸਿੰਘ ਬੜੀ, ਹਰਮੇਲ ਸਿੰਘ ਚੌਲਟਾ, ਸਤਵਿੰਦਰ ਸਿੰਘ ਕੁਰਾਲਾ ਅਤੇ ਖੁਸ਼ਵੰਤ ਸਿੰਘ ਹੁੰਦਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਫਾਰਮੇਸੀ ਕੌਂਸਲ ਦੀ ਜਨਰਲ ਬਾਡੀ ਮੀਟਿੰਗ 'ਚ ਅਹਿਮ ਮਾਮਲਿਆਂ 'ਤੇ ਹੋਈ ਚਰਚਾ <br/> ਅਗਲੀ ਖ਼ਬਰ ਸਮਾਜ ਸੇਵੀ ਆਈ. ਐੱਲ. ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।