ਐੱਸ. ਏ. ਐੱਸ. ਨਗਰ, 31 ਮਾਰਚ (ਕਪਿਲ ਵਧਵਾ)-ਸਥਾਨਕ ਸੈਕਟਰ 88 ਤੇ 89 ਦੇ ਚੌਰਾਹੇ ਨੇੜੇ ਸਲਿੱਪ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਵਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕਾ ਦੇਖ ਕੇ ਫ਼ਰਾਰ ਹੋ ਗਿਆ, ਜਦਕਿ ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ | ਇਸ ਮਾਮਲੇ 'ਚ ਸੋਹਾਣਾ ਥਾਣਾ ਪੁਲਿਸ ਨੇ ਜ਼ਖ਼ਮੀ ਹੋਏ ਜਸਵਿੰਦਰ ਸਿੰਘ ਵਾਸੀ ਬਨੂੰੜ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਕਾਰ ਨੰਬਰ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਨੂੰੜ ਦੇ ਇਕ ਨਿੱਜੀ ਕਾਲਜ ਵਿਚ ਨੌਕਰੀ ਕਰਦਾ ਹੈ ਅਤੇ 28 ਮਾਰਚ ਦੀ ਸ਼ਾਮ ਉਹ ਆਪਣੇ ਦੋਸਤ ਬਲਵਿੰਦਰ ਸਿੰਘ ਨਾਲ ਮੋਟਰਸਾਈਕਲ ਰਾਹੀਂ ਮੁਹਾਲੀ ਤੋਂ ਪਿੰਡ ਹੂਲਕਾ ਵੱਲ ਜਾ ਰਿਹਾ ਸੀ | ਇਸ ਦੌਰਾਨ ਜਿਵੇਂ ਹੀ ਉਹ ਸੈਕਟਰ 88-89 ਦੇ ਚੌਰਾਹੇ ਤੋਂ ਅੱਗੇ ਨਿਕਲੇ ਤਾਂ ਸਲਿੱਪ ਰੋਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਸੜਕ 'ਤੇ ਡਿੱਗ ਪਏ | ਇਸ ਹਾਦਸੇ ਮਗਰੋਂ ਕਾਰ ਚਾਲਕ ਕੁਝ ਸਮੇਂ ਲਈ ਮੌਕੇ 'ਤੇ ਰੁਕਿਆ, ਪਰ ਆਸ-ਪਾਸ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ | ਇਸ ਦੌਰਾਨ ਪੀੜਤਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਸੀ | ਸਥਾਨਕ ਲੋਕਾਂ ਵਲੋਂ ਦੋਹਾਂ ਜ਼ਖ਼ਮੀਆਂ ਨੂੰ ਸਥਾਨਕ ਸੈਕਟਰ 94 ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਬਲਵਿੰਦਰ ਸਿੰਘ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਜਸਵਿੰਦਰ ਸਿੰਘ ਨੂੰ ਗੰਭੀਰ ਚੋਟਾਂ ਆਈਆਂ ਹਨ | ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |