ਚੰਡੀਗੜ੍ਹ, 31 ਮਾਰਚ (ਕਪਿਲ ਵਧਵਾ) ਚੰਡੀਗੜ੍ਹ ਸਥਿਤ ਕੌਮੀ ਇਨਸਾਫ਼ ਮੋਰਚਾ ਦੇ ਲੰਗਰ ਹਾਲ 'ਚ ਸੇਵਾ ਕਰਦੇ ਸਮੇਂ ਇਕ ਗੁਰਸਿੱਖ ਮਹਿਲਾ ਅਤੇ ਨਿਹੰਗ ਸਿੰਘ ਦਰਮਿਆਨ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਵਿਵਾਦ ਮਰਿਆਦਾ ਨੂੰ ਲੈ ਕੇ ਸ਼ੁਰੂ ਹੋਇਆ, ਜੋ ਬਾਅਦ ਵਿਚ ਝਗੜੇ ਵਿਚ ਤਬਦੀਲ ਹੋ ਗਿਆ | ਪੁਲਿਸ ਸਟੇਸ਼ਨ ਸੈਕਟਰ-36 ਵਿਚ ਦਰਜ ਐਫ.ਆਈ.ਆਰ. ਅਨੁਸਾਰ, ਸਨੀ ਇਨਕਲੇਵ ਖਰੜ ਦੀ ਰਹਿਣ ਵਾਲੀ ਰਣਜੀਤ ਕੌਰ (42) ਨਾਮ ਦੀ ਮਹਿਲਾ ਨੇ ਸ਼ਿਕਾਇਤ ਦਿੱਤੀ ਕਿ ਉਹ ਲੰਗਰ ਹਾਲ ਵਿਖੇ ਲੰਗਰ ਦੀ ਸੇਵਾ ਕਰਦੀ ਹੈ ਅਤੇ ਜ਼ਿਆਦਾਤਰ ਸਮਾਂ ਉਥੇ ਹੀ ਮੌਜੂਦ ਰਹਿੰਦੀ ਹੈ | ਉਨ੍ਹਾਂ ਸੂਚਿਤ ਕਿ 30 ਮਾਰਚ 2026 ਨੂੰ ਮਟੌਰ ਬੈਰੀਅਰ ਨੇੜੇ ਕੌਮੀ ਇਨਸਾਫ਼ ਮੋਰਚੇ ਦੀ ਮੀਟਿੰਗ ਦੌਰਾਨ ਜੀਤ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਨੂੰ ਅਤੇ ਹੋਰ ਲੋਕਾਂ ਨੂੰ ਧਮਕਾਇਆ ਅਤੇ ਹਮਲਾ ਕੀਤਾ | ਇਸੇ ਦੌਰਾਨ ਮਹਿਲਾ ਦਾ ਮੋਢਾ ਵੀ ਨਿਕਲ ਗਿਆ ਸੀ | ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ | ਉਕਤ ਮਹਿਲਾ ਅਨੁਸਾਰ ਨਿਹੰਗ ਬਾਣੇ ਵਿਚ ਜੀਤ ਸਿੰਘ ਨੇ ਹੱਤਿਆ ਦੀ ਇਰਾਦਾ ਨਾਲ ਉਸ 'ਤੇ ਹਮਲਾ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿਚ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਬੀ.ਐਨ.ਐਸ. ਦੀਆਂ ਧਾਰਾਵਾਂ 109(1), 115(2), 190, 191(2), 191(3) ਅਤੇ 351(3) ਤਹਿਤ ਮਾਮਲਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵਲੋਂ ਘਟਨਾ ਨਾਲ ਸੰਬੰਧਿਤ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਰਚੇ ਦੌਰਾਨ ਮਰਿਆਦਾ ਨੂੰ ਲੈ ਕੇ ਇਹ ਤਕਰਾਰ ਹੋਣ ਦੀ ਵਜ੍ਹਾ ਸਾਹਮਣੀ ਆਈ ਹੈ | ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ 'ਤੇ ਮੁਲਜ਼ਮਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |