ਡੇਰਾਬੱਸੀ, 30 ਮਾਰਚ (ਰਣਬੀਰ ਸਿੰਘ ਪੜ੍ਹੀ)- ਆਲ ਇੰਡੀਆ ਸੈਣੀ ਯੂਥ ਫੈਡਰੇਸ਼ਨ, ਸੈਣੀ ਭਵਨ ਸੰਘਰਸ਼ ਕਮੇਟੀ ਅਤੇ ਸਮੂਹ ਸੈਣੀ ਸਮਾਜ ਡੇਰਾਬੱਸੀ ਦੇ ਇਕ ਸਾਂਝੇ ਵਫ਼ਦ ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਡੇਰਾਬੱਸੀ ਦੇ ਸੈਣੀ ਭਵਨ 'ਤੇ ਨਗਰ ਕੌਂਸਲ ਵਲੋਂ ਕੀਤੇ ਗਏ ਕਬਜ਼ੇ ਨੂੰ ਤੁਰੰਤ ਖ਼ਤਮ ਕਰਵਾਉਣ ਲਈ ਇਕ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਵਫ਼ਦ ਦੇ ਆਗੂਆਂ ਨੇ ਬਾਦਲ ਨੂੰ ਜਾਣੂ ਕਰਵਾਇਆ ਕਿ ਸਾਲ 1998 'ਚ ਮੌਜਾ ਮਾਧੋਪੁਰ ਦੇ ਕਿਸਾਨਾਂ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਲਈ ਸੈਣੀ ਭਵਨ ਤਿਆਰ ਕੀਤਾ ਗਿਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਦਸੰਬਰ 2021 'ਚ ਤਤਕਾਲੀ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣਾ ਨਗਰ ਕੌਂਸਲ ਦਾ ਦਫ਼ਤਰ ਮੁਰੰਮਤ ਕਰਵਾਉਣ ਦਾ ਬਹਾਨਾ ਬਣਾ ਕੇ ਇਸ ਭਵਨ 'ਚ ਨਗਰ ਕੌਂਸਲ ਦਾ ਦਫ਼ਤਰ ਤਬਦੀਲ ਕਰ ਦਿੱਤਾ ਸੀ ਜੋ ਕਿ ਸੈਣੀ ਭਾਈਚਾਰੇ ਨਾਲ ਸਿੱਧੀ ਬੇਇਨਸਾਫ਼ੀ ਹੈ | ਸੈਣੀ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਭਵਨ 'ਚ ਪਹਿਲਾਂ ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਅਤੇ ਹੋਰ ਪ੍ਰੋਗਰਾਮ ਕਰਦੇ ਸਨ, ਪਰ ਹੁਣ ਇਥੇ ਨਗਰ ਕੌਂਸਲ ਦਾ ਦਫ਼ਤਰ ਬਣਨ ਕਾਰਨ ਹਜ਼ਾਰਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡੇਰਾਬੱਸੀ ਹਲਕੇ ਦੇ ਲਗਭਗ ਇਕ ਲੱਖ ਸੈਣੀ ਭਾਈਚਾਰੇ ਦੀਆਂ ਭਾਵਨਾਵਾਂ ਇਸ ਭਵਨ ਨਾਲ ਜੁੜੀਆਂ ਹੋਈਆਂ ਹਨ | ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਫ਼ਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ | ਵਫ਼ਦ ਨੇ ਉਮੀਦ ਜਤਾਈ ਕਿ ਸਰਕਾਰ ਬਣਨ 'ਤੇ ਇਸ ਦਫ਼ਤਰ ਨੂੰ ਹੋਰ ਕਿਤੇ ਸ਼ਿਫਟ ਕਰਵਾ ਕੇ ਸੈਣੀ ਭਵਨ ਨੂੰ ਮੁੜ ਸਮਾਜ ਸੇਵਾ ਲਈ ਬਹਾਲ ਕੀਤਾ ਜਾਵੇਗਾ | ਸੈਣੀ ਭਵਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਸਪਸ਼ੱਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਆਪਣਾ ਹੱਕ ਵਾਪਸ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਹਰਿੰਦਰ ਸਿੰਘ ਹਨੀ, ਸੁਨੀਲ ਸੈਣੀ, ਮੋਹਨ ਸੈਣੀ, ਸਤੀਸ਼ ਸੈਣੀ, ਰਵਿੰਦਰ ਸਿੰਘ ਰਵੀ, ਬਿੰਦਰ ਭਾਂਖਰਪੁਰ, ਅਸ਼ੋਕ ਸੈਣੀ, ਮਿੰਟੂ ਸੈਣੀ ਸਮੇਤ ਸੈਣੀ ਭਾਈਚਾਰੇ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ |