ਐੱਸ. ਏ. ਐੱਸ. ਨਗਰ, 30 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਡਾ. ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਅਤੇ ਹਸਪਤਾਲ ਫੇਜ਼-6 ਮੁਹਾਲੀ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ | ਸੰਸਥਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ/ਹਸਪਤਾਲ ਦਾ ਕੰਮਕਾਜੀ/ਓ. ਪੀ. ਡੀ. ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ ਅਤੇ ਨਵੀਂ ਸਮਾਂ-ਸਾਰਣੀ 1 ਅਪ੍ਰੈਲ ਤੋਂ ਲਾਗੂ ਹੋਵੇਗੀ | ਉਨ੍ਹਾਂ ਦੱਸਿਆ ਕਿ ਸੂਬੇ ਦੇ ਬਾਕੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਇਹੋ ਸਮਾਂ-ਸਾਰਣੀ ਲਾਗੂ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਂ ਸਮਾਂ-ਸਾਰਣੀ ਓ. ਪੀ. ਡੀ. ਸੇਵਾਵਾਂ ਵਾਸਤੇ ਹੈ, ਜਦਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਰੋਜ਼ਾਨਾ ਲਗਾਤਾਰ 24 ਘੰਟੇ ਜਾਰੀ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਓ. ਪੀ. ਡੀ. ਪਰਚੀ ਬਣਵਾਉਣ ਦਾ ਸਮਾਂ ਸਵੇਰੇ 7.30 ਵਜੇ ਤੋਂ ਸਵੇਰੇ 11.30 ਵਜੇ ਤੱਕ ਹੋਵੇਗਾ | ਬੁਲਾਰੇ ਮੁਤਾਬਿਕ ਨਵੀਂ ਸਮਾਂ-ਸਾਰਣੀ ਸਿਰਫ਼ ਮੈਡੀਕਲ ਕਾਲਜ ਅਤੇ ਹਸਪਤਾਲ ਫੇਜ਼-6 ਮੁਹਾਲੀ ਨਾਲ ਸੰਬੰਧਿਤ ਹੈ, ਜਦਕਿ ਜ਼ਿਲ੍ਹੇ ਦੀਆਂ ਬਾਕੀ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ |