ਡੇਰਾਬੱਸੀ, 25 ਮਾਰਚ (ਗੁਰਮੀਤ ਸਿੰਘ)-ਨਗਰ ਕੌਂਸਲ ਦੀ ਹੱਦ 'ਚ ਪੈਂਦੇ ਆਦਰਸ਼ ਨਗਰ ਦੀ ਗਲੀ ਨੰ. 7 ਵਿਚ ਪਾਣੀ ਦੀ ਕਿੱਲਤ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸਥਾਨਕ ਲੋਕਾਂ ਨੇ ਕਿਹਾ ਕਿ ਕੌਂਸਲ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ 'ਚ ਪਾਣੀ ਦੇ ਟੈਂਕਰ ਮੰਗਵਾ ਕੇ ਗੁਜਾਰਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਥੇ ਪਿਛਲੇ 4-5 ਦਿਨਾਂ ਤੋਂ ਪਾਣੀ ਦੀ ਕਮੀ ਕਰਕੇ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਬਾਬਤ ਨਗਰ ਕੌਂਸਲ ਦਫ਼ਤਰ ਵਿਚ ਕੌਂਸਲ ਪ੍ਰਧਾਨ, ਕਾਰਜ ਸਾਧਕ ਅਧਿਕਾਰੀ ਸਮੇਤ ਹੋਰਨਾਂ ਨੂੰ ਵਾਰ ਵਾਰ ਸ਼ਿਕਾਇਤ ਕਰਨ ਅਤੇ ਕੌਂਸਲ ਦੇ ਜੇ. ਈ. ਤੇ ਜਲ ਸਪਲਾਈ ਬੋਰਡ ਦੇ ਜੇ. ਈ. ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ | ਸਥਾਨਕ ਮਹਿਲਾਵਾਂ ਨੇ ਕਿਹਾ ਕਿ ਬਿਨਾਂ ਪਾਣੀ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਅੱਤ ਦੀ ਪੈਂਦੀ ਗਰਮੀ ਵਿਚ ਸਮੱਸਿਆ ਹੋਰ ਵੱਧ ਗਈ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਾਈਪ ਲਾਈਨ ਵਿਚ ਖਰਾਬੀ ਜਾਂ ਘੱਟ ਪ੍ਰੈਸ਼ਰ ਕਾਰਨ ਹੋ ਸਕਦੀ ਹੈ, ਪਰ ਅਧਿਕਾਰੀਆਂ ਵਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ | ਇਸ ਮੌਕੇ ਸਥਾਨਕ ਲੋਕਾਂ ਨੇ ਤੁਰੰਤ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਵਨੀਤ ਸਿੰਘ ਨੇ ਕਿਹਾ ਕਿ ਜਲਦ ਉਕਤ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ |