ਚੰਡੀਗੜ੍ਹ, 25 ਮਾਰਚ (ਸੰਦੀਪ ਕੁਮਾਰ ਮਾਹਨਾ) ਬਿਜਲੀ ਬਿਲਿੰਗ ਪ੍ਰਣਾਲੀ 'ਚ ਹੋ ਰਹੇ ਬਦਲਾਅ ਨੂੰ ਲੈ ਕੇ ਸੀ.ਪੀ.ਡੀ.ਐਲ ਨੇ ਖਪਤਕਾਰਾਂ ਲਈ ਜਨਤਕ ਸਲਾਹ ਜਾਰੀ ਕਰਦਿਆਂ ਮਹੀਨਾਵਾਰ ਬਿਲਿੰਗ ਸਿਸਟਮ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਦਾ ਭਰੋਸਾ ਦਿੱਤਾ ਹੈ | ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ (ਸੀ.ਪੀ.ਡੀ.ਐਲ) ਮੁਤਾਬਕ ਦੋ ਮਹੀਨੇ ਵਾਲੀ ਬਿਲਿੰਗ ਪ੍ਰਣਾਲੀ ਤੋਂ ਮਹੀਨਾਵਾਰ ਬਿਲਿੰਗ ਵੱਲ ਬਦਲਾਅ ਜੇ.ਈ.ਆਰ.ਸੀ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ | ਇਸ ਨਾਲ ਬਿਲਿੰਗ ਵਿਚ ਇੱਕਸਾਰਤਾ ਅਤੇ ਪਾਰਦਰਸ਼ਤਾ ਯਕੀਨੀ ਬਣੇਗੀ | ਸੀ.ਪੀ.ਡੀ.ਐਲ ਅਧਿਕਾਰੀਆਂ ਮੁਤਾਬਕ ਕੁਝ ਖਪਤਕਾਰਾਂ ਲਈ 30 ਮਾਰਚ ਦੀ ਅਦਾਇਗੀ ਮਿਤੀ ਵਾਲਾ ਬਿੱਲ ਫ਼ਰਵਰੀ 2026 ਦੀ ਖਪਤ ਦਰਸਾਉਂਦਾ ਹੈ, ਜਦਕਿ ਜਨਵਰੀ 2026 ਦੀ ਖਪਤ ਦਾ ਬਿੱਲ ਫ਼ਰਵਰੀ 'ਚ ਜਾਰੀ ਕੀਤਾ ਗਿਆ ਸੀ | ਨਵੀਂ ਪ੍ਰਣਾਲੀ ਤਹਿਤ ਹਰ ਬਿੱਲ ਵਿਚ ਬਿਲਿੰਗ ਸਮਾਂ, ਜਾਰੀ ਮਿਤੀ ਅਤੇ ਅਦਾਇਗੀ ਮਿਤੀ ਸਪਸ਼ਟ ਤੌਰ 'ਤੇ ਦਰਸਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤਫ਼ਹਮੀ ਨਾ ਰਹੇ | ਮਹੀਨਾਵਾਰ ਬਿਲਿੰਗ ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਸੀ.ਪੀ.ਡੀ.ਐਲ ਵਲੋਂ ਕਈ ਤਕਨੀਕੀ ਅਤੇ ਖਪਤਕਾਰ-ਕੇਂਦਰਿਤ ਕਦਮ ਚੁੱਕੇ ਗਏ | ਇਸ ਵਿਚ ਘਰ-ਘਰ ਕੇਵਾਈਸੀ ਮੁਹਿੰਮ, ਮੀਟਰ ਰੀਡਿੰਗ ਅਤੇ ਬਿੱਲ ਵੰਡ ਲਈ ਵਾਧੂ ਸਟਾਫ਼ ਦੀ ਤਾਇਨਾਤੀ, ਡਿਜ਼ੀਟਲ ਭੁਗਤਾਨ ਮੋਡੀਊਲ ਦੀ ਸ਼ੁਰੂਆਤ ਅਤੇ ਬੈਕਐਂਡ ਢਾਂਚੇ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ | ਖਪਤਕਾਰਾਂ ਦੀ ਸਹੂਲਤ ਲਈ ਸੀ.ਪੀ.ਡੀ.ਐਲ ਨੇ ਵਟਸਐਪ ਸੇਵਾ ਸ਼ੁਰੂ ਕੀਤੀ ਹੈ, ਜਿਸ ਰਾਹੀਂ ਬਿੱਲ ਦੀ ਜਾਣਕਾਰੀ, ਭੁਗਤਾਨ ਲਿੰਕ ਅਤੇ ਡੁਪਲੀਕੇਟ ਬਿੱਲ ਹਾਸਲ ਕੀਤਾ ਜਾ ਸਕਦਾ ਹੈ | ਇਸ ਲਈ ਖਪਤਕਾਰ 9240216666 ਨੰਬਰ 'ਤੇ 'ਹਾਏ' ਲਿਖ ਕੇ ਭੇਜਣ ਅਤੇ 'ਮੇਨੂ' ਵਿਚੋਂ ਸੇਵਾਵਾਂ ਚੁਣ ਕੇ ਆਪਣੇ ਖਾਤਾ ਨੰਬਰ ਦੇ ਜ਼ਰੀਏ ਬਿੱਲ ਹਾਸਲ ਕਰ ਸਕਦੇ ਹਨ |