ਐੱਸ. ਏ. ਐੱਸ. ਨਗਰ, 22 ਜਨਵਰੀ (ਪ੍ਰੋ. ਅਵਤਾਰ ਸਿੰਘ)-ਨੌਜਵਾਨ ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਅੰਦਰ ਰਚਨਾਤਮਿਕਤਾ ਨੂੰ ਵਧਾਉਣ ਦੇ ਉਦੇਸ਼ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਅੱਜ ਭਾਰਤ ਦਾ ਪਹਿਲਾ 'ਏ. ਆਈ. ਫੈਸਟ-2026' ਲਾਂਅ ਕੀਤਾ ਗਿਆ | ਇਸ ਫੈਸਟ 'ਚ ਤਿੰਨ ਪ੍ਰਮੁੱਖ ਪਲੇਟਫਾਰਮ 'ਸੀ. ਯੂ. ਇਨੋਵਫੈਸਟ-2026', 'ਕੈਂਪਸ ਟੈਂਕ' ਅਤੇ 'ਸੈਂਡਬਾਕਸ' ਨੂੰ ਸ਼ਾਮਿਲ ਕੀਤਾ ਗਿਆ ਹੈ | ਇਹ ਫੈਸਟ ਨਵੀਂ ਦਿੱਲੀ 'ਚ 'ਇੰਡੀਆ ਏ. ਆਈ. ਇਮਪੈਕਟ ਸਮਿਟ-2026' ਦੀ ਤਰਜ਼ 'ਤੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਸਸ਼ਕਤ ਬਣਾ ਕੇ ਵਿਕਸਿਤ ਭਾਰਤ ਦਾ ਟੀਚਾ ਪੂਰਾ ਕਰਨਾ ਹੈ | ਏ. ਆਈ. ਫੈਸਟ ਦਾ ਉਦਘਾਟਨ ਏਟੋਸ ਸਲਿਊਸ਼ਨਜ਼ ਐਂਡ ਸਿਸਟਮਜ਼ ਪ੍ਰਾ. ਲਿ. ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮਰ ਅਲੀ ਸ਼ੇਖ ਅਤੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਕੀਤਾ ਗਿਆ | ਏ. ਆਈ. ਫੈਸਟ ਦੀ ਲਾਂਚਿੰਗ ਦੌਰਾਨ ਹਾਜ਼ਰੀਨਾਂ ਵਲੋਂ 'ਸੀ. ਯੂ. ਇਨੋਵਫੈਸਟ-2026' ਦਾ ਉਦਘਾਟਨ ਵੀ ਕੀਤਾ ਗਿਆ, ਜਿਸ 'ਚ ਹਜ਼ਾਰਾਂ ਵਿਦਿਆਰਥੀ ਹਿੱਸਾ ਲੈਣਗੇ | ਇਨੋਵਫੈਸਟ ਦਾ ਮਕਸਦ ਨੌਜਵਾਨਾਂ ਨੂੰ ਹੱਦ ਤੋਂ ਬਾਹਰ ਜਾ ਕੇ ਸੋਚਣ ਲਈ ਪ੍ਰੇਰਿਤ ਕਰਨਾ ਅਤੇ ਏ. ਆਈ. ਦੀ ਮਦਦ ਨਾਲ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਿਲ ਕਰਨਾ | ਫੈਸਟ 'ਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਵੀ ਖੋਲ੍ਹ ਦਿੱਤੀ ਗਈ ਹੈ, ਲਿਹਾਜ਼ਾ ਚਾਹਵਾਨ https://www.cuchd.in/innovfest-2026/ ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ | ਮੈਟਾ, ਸੈਮਸੰਗ, ਪਿ੍ਜ਼ਮ, ਕਰਾਫ਼ਟਨ ਇੰਡੀਆ, ਕੱਠਪੁਤਲੀ ਪ੍ਰੋਡਕਸ਼ਨਜ਼, ਐੱਲ. ਟੀ. ਐੱਮ. ਤੇ ਆਈ. ਓ. ਡੀ. ਸੀ. ਵਰਗੀਆਂ ਦਿੱਗਜ਼ ਕੰਪਨੀਆਂ ਦੇ ਸਹਿਯੋਗ ਨਾਲ ਕੌਮੀ ਸਿੱਖਿਆ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾਣ ਵਾਲੇ ਇਸ ਦੋ ਰੋਜ਼ਾ ਇਨੋਵੇਸ਼ਨ ਫੈਸਟ ਦੌਰਾਨ ਤਿੰਨ ਸ਼੍ਰੇਣੀਆਂ 'ਚ 200 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ | ਇਸ ਦਰਮਿਆਨ 35 ਤੋਂ ਵੱਧ ਮੁਕਾਬਲੇ ਕਰਵਾਏ ਜਾਣਗੇ, ਜਿਸ 'ਚ ਦੇਸ਼ ਭਰ ਤੋਂ 1 ਹਜ਼ਾਰ ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਮਾਂ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੀਆਂ | ਬਿਹਤਰੀਨ ਆਈਡੀਆਜ਼ ਨੂੰ 1 ਕਰੋੜ ਦੇ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਚੰਡੀਗੜ੍ਹ ਯੂਨੀਵਰਿਸਟੀ 'ਚ ਏ. ਆਈ. ਫੈਸਟ ਦੀ ਅਧਿਕਾਰਤ ਲਾਂਚਿੰਗ ਦੇ ਨਾਲ ਹੀ ਇਕ ਮਹੀਨੇ ਤੱਕ ਚੱਲਣ ਵਾਲੀ ਪ੍ਰੀ-ਈਵੈਂਟ ਸੀਰੀਜ਼ ਵੀ ਸ਼ੁਰੂ ਹੋ ਗਈਆਂ ਹਨ, ਜਿਸ 'ਚ ਮਾਹਿਰਾਂ ਦੀ ਵਿਚਾਰ-ਚਰਚਾ, ਬੂਟ ਕੈਂਪ, ਵਰਕਸ਼ਾਪ ਅਤੇ ਆਪਣੇ ਆਈਡੀਆਜ਼ ਨੂੰ ਪੇਸ਼ ਕਰਨਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ | ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਭਾਰਤ ਦੇ ਪਹਿਲੇ ਏ. ਆਈ. ਫੈਸਟ ਦੇ ਇਕ ਹੋਰ ਹਿੱਸੇ ਵਜੋਂ ਕੈਂਪਸ ਟੈਂਕ ਦਾ ਫ਼ਾਈਨਲ ਰਾਊਾਡ ਹੋਵੇਗਾ | ਸੈਂਡਬਾਕਸ ਇਕ ਓਪਨ ਇਨੋਵੇਸ਼ਨ ਪਲੇਟਫਾਰਮ ਹੈ, ਜਿਸ 'ਚ ਉਮਰ ਦੀ ਕੋਈ ਹੱਦ ਨਹੀਂ ਹੈ | ਇਸ 'ਚ 10 ਟੀਮਾਂ ਫਾਈਨਲ ਰਾਊਾਡ 'ਚ ਪਹੁੰਚਣਗੀਆਂ | ਏ. ਆਈ. ਫੈਸਟ ਦੀ ਲਾਂਚਿੰਗ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਉਮਰ ਅਲੀ ਸ਼ੇਖ ਨੇ ਕਿਹਾ ਕਿ ਤੁਹਾਨੂੰ ਖ਼ੁਦ 'ਤੇ, ਆਪਣੇ ਟੀਚੇ 'ਤੇ ਅਤੇ ਆਪਣੀ ਕਾਬਲੀਅਤ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ | ਇਸੇ ਦੌਰਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 19 ਫਰਵਰੀ ਨੂੰ ਦਿੱਲੀ 'ਚ ਹੋਣ ਵਾਲੇ ਏ. ਆਈ. ਇੰਪੈਕਟ ਸਮਿੱਟ-2026 ਦੀ ਤਰਜ਼ 'ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਕਸਿਤ ਭਾਰਤ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭਾਰਤ ਦਾ ਪਹਿਲਾ 'ਏ. ਆਈ. ਫੈਸਟ' ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਚਾਰ ਮੁੱਖ ਥੰਮ੍ਹਾਂ 'ਚੋਂ ਇਕ ਵਜੋਂ ਦਰਜਾ ਦਿੱਤਾ ਹੈ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |