ਐੱਸ. ਏ. ਐੱਸ. ਨਗਰ, 21 ਜਨਵਰੀ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਦੋ-ਪਹੀਆ ਵਾਹਨ ਚੋਰੀ ਕਰਨ ਦੇ ਮਾਮਲੇ ਵਿਚ ਦੋ ਚੋਰਾਂ ਅਤੇ ਚੋਰੀ ਦੇ ਵਾਹਨ ਖ਼ਰੀਦਣ ਵਾਲੇ ਦੋ ਕਬਾੜੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਕਾਬੂ ਚੋਰਾਂ ਦੀ ਪਛਾਣ ਪਿ੍ੰਸ ਕੁਮਾਰ ਮੂਲ ਵਾਸੀ ਹਰਿਆਣਾ ਤੇ ਹਾਲ ਵਾਸੀ ਪਿੰਡ ਬੜਮਾਜਰਾ ਅਤੇ ਸਾਹਿਲ ਮੂਲ ਵਾਸੀ ਜ਼ਿਲ੍ਹਾ ਸ਼ਾਮਲੀ (ਯੂ. ਪੀ.) ਤੇ ਹਾਲ ਵਾਸੀ ਪਿੰਡ ਕੁੰਭੜਾ ਵਜੋਂ ਹੋਈ ਹੈ | ਪੁਲਿਸ ਵਲੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਵਾਹਨ ਖ਼ਰੀਦਣ ਵਾਲੇ ਦੋ ਕਬਾੜੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪਿੰਡ ਕੁੰਭੜਾ ਦੇ ਰਹਿਣ ਵਾਲੇ ਤੁਲਸੀ ਤੇ ਵਿਸ਼ਾਲ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਦੋ ਮੋਟਰਸਾਈਕਲ, ਦੋ ਐਕਟਿਵਾ ਸਕੂਟਰ ਅਤੇ ਇਕ ਟੈਂਪੂ ਵੀ ਬਰਾਮਦ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸ. ਐੱਚ. ਓ. ਅਮਨ ਬੈਦਵਾਣ ਵਲੋਂ ਕੀਤੀ ਗਈ ਮਾਮਲੇ ਦੀ ਜਾਂਚ ਦੌਰਾਨ ਸਭ ਤੋਂ ਪਹਿਲਾਂ ਪਿ੍ੰਸ ਕੁਮਾਰ ਅਤੇ ਸਾਹਿਲ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਮੁਲਜ਼ਮ ਚੋਰੀ ਕੀਤੇ ਵਾਹਨ ਕਬਾੜ ਦਾ ਕੰਮ ਕਰਨ ਵਾਲੇ ਤੁਲਸੀ ਨੂੰ 3,000 ਰੁ. ਤੋਂ ਲੈ ਕੇ 3,400 ਰੁ. ਪ੍ਰਤੀ ਵਾਹਨ ਦੇ ਹਿਸਾਬ ਨਾਲ ਵੇਚਦੇ ਸਨ ਅਤੇ ਤੁਲਸੀ ਅੱਗੇ ਇਨ੍ਹਾਂ ਵਾਹਨਾਂ ਨੂੰ ਚੰਡੀਗੜ੍ਹ ਦੇ ਬੁੜੈਲ ਇਲਾਕੇ ਵਿਚ ਕਬਾੜ ਦਾ ਕੰਮ ਕਰਨ ਵਾਲੇ ਵਿਸ਼ਾਲ ਨੂੰ 5,000 ਰੁ. ਤੋਂ ਲੈ ਕੇ 7,000 ਰੁ. ਪ੍ਰਤੀ ਵਾਹਨ ਦੇ ਹਿਸਾਬ ਨਾਲ ਵੇਚਦਾ ਸੀ | ਡੀ. ਐੱਸ. ਪੀ. ਨੇ ਦੱਸਿਆ ਕਿ ਵਿਸ਼ਾਲ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਇਹ ਚੋਰੀ ਦੇ ਵਾਹਨ ਅੱਗੇ ਇਕ ਹੋਰ ਕਬਾੜੀਏ ਸੁਰੇਸ਼ ਕੁਮਾਰ ਨੂੰ ਵੇਚਦਾ ਸੀ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੁਰੇਸ਼ ਕੁਮਾਰ ਵਾਹਨਾਂ ਦੇ ਪੁਰਜ਼ੇ ਖੋਲ੍ਹ ਕੇ ਇਨ੍ਹਾਂ ਨੂੰ ਅੱਗੇ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ | ਪੁਲਿਸ ਨੇ ਇਸ ਮਾਮਲੇ 'ਚ ਸੁਰੇਸ਼ ਕੁਮਾਰ ਨੂੰ ਵੀ ਨਾਮਜ਼ਦ ਕਰਦਿਆਂ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ ਇਸ ਗਰੋਹ ਦੇ ਬਾਕੀ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗਿ੍ਫ਼ਤਾਰੀਆਂ ਹੋਣ ਤੋ ਵੀਂ ਇਨਕਾਰ ਨਹੀਂ ਕੀਤਾ ਜਾ ਸਕਦਾ |