ਪੰਜਾਬੀ ਸਾਹਿਤ ਅਕਾਦਮੀ ਦਾ 73ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ
ਲੁਧਿਆਣਾ, 26 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 73ਵੇਂ ਸਥਾਪਨਾ ਦਿਵਸ ’ਤੇ ਅੱਜ ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ ਧੂਮ ਧਾਮ ਨਾਲ ਕਰਵਾਇਆ ਗਿਆ।
ਲੁਧਿਆਣਾ, 26 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 73ਵੇਂ ਸਥਾਪਨਾ ਦਿਵਸ ’ਤੇ ਅੱਜ ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ ਧੂਮ ਧਾਮ ਨਾਲ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਾਮਲ ਹੋਏ ਅਤੇ ਪ੍ਰਧਾਨਗੀ ਜਨਮੇਜਾ ਸਿੰਘ ਜੌਹਲ ਨੇ ਕੀਤੀ। ਸਮਾਗਮ ਦੇ ਆਰੰਭ ਵਿਚ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਦਮੀ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਦਮੀ ਦੇ ਇਤਿਹਾਸ ਦੀ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਉਹਨਾਂ ਕਿਹਾ ਕਿ ਅਕਾਦਮੀ ਦਾ ਇਤਿਹਾਸ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਪੈਦਾ ਕਰਦਾ ਹੈ ਜੋ ਸਾਨੂੰ ਇਸ ਸੰਸਥਾ ਲਈ ਹੋਰ ਵਧੇਰੇ ਕਾਰਜਸ਼ੀਲ ਹੋ ਕੇ ਸਮਰਪਿਤ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਾਡੀ ਯਾਦ ਵਿਚ ਇਹ ਗੱਲ ਹਮੇਸ਼ਾਂ ਰਹੇਗੀ ਕਿ ਬਾਬਾ ਗੁਰਬਖ਼ਸ ਸਿੰਘ ਬੰਨੂਆਣਾ ਵਰਗੇ ਲੋਕਾਂ ਨੇ ਆਪਣਾ ਸਾਈਕਲ ਵੇਚ ਹਕੇ ਇਸ ਸੰਸਥਾ ਦੀ ਮੈਂਬਰਸ਼ਿਪ ਲਈ ਸੀ। ਉਪਰੰਤ ਅਕਾਦਮੀ ਦੇ ਇਤਿਹਾਸ ਦੇ ਲੇਖਕ ਤੇ ਅਕਾਦਮੀ ਦੇ ਸਕੱਤਰ, ਸਭਿਆਚਾਰਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਅਕਾਦਮੀ ਦੇ ਹੋਂਦ ਵਿਚ ਆਉਣ ਤੋਂ ਲੈ ਕੇ 72 ਸਾਲ ਦੀ ਯਾਤਰਾ ਦਾ ਸੰਖੇਪ ਪਰ ਭਾਵਪੂਰਤ ਵਰਨਣ ਕੀਤਾ। ਉਨ੍ਹਾਂ ਕਿਹਾ 24 ਅਕਤੂਬਰ 1954 ਨੂੰ ਇਸ ਦੀ ਸਥਾਪਨਾ ਡਾ. ਭਾਈ ਜੋਧ ਸਿੰਘ ਅਤੇ ਡਾ. ਸ਼ੇਰ ਸਿੰਘ ਦੀ ਅਗਵਾਈ ਵਿਚ ਕੁਝ ਪ੍ਰਸਿੱਧ ਵਿਦਵਾਨਾਂ, ਸਾਹਿਤ ਹਿਤੈਸ਼ੀਆਂ ਅਤੇ ਪੰਜਾਬੀ ਪ੍ਰੇਮੀਆਂ ਵਲੋਂ ਕੀਤੀ ਗਈ। ਪ੍ਰੋ. ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਅਕਾਦਮੀ ਬਾਰੇ ਆਪਣੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਮੁੱਢ ਤੋਂ ਲੈ ਕੇ ਹੁਣ ਤੱਕ ਅਕਾਦਮੀ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਅਕਾਦਮੀ ਵਲੋਂ ਕੀਤੀ ਜਦੋਜਹਿਦ ਅਤੇ ਇਸ ਵਲੋਂ ਸਮੇਂ ਸਮੇਂ ’ਤੇ ਪਾਸ ਕੀਤੇ ਮਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹੋਂਦ ਵਿਚ ਆਉਣ ਦਾ ਮੁੱਖ ਕਾਰਨ ਬਣੇ। ਉਨ੍ਹਾਂ ਕਿਹਾ ਕਿ ਅਕਾਦਮੀ ਨੇ ਵਿਸ਼ੇਸ਼ ਕਰਕੇ ਖੋਜ ਅਤੇ ਅਕਾਦਮਿਕ ਸਿਰਜਣਾ ਨੂੰ ਪਹਿਲ ਦੇ ਆਧਾਰ ’ਤੇ ਵਿਕਸਤ ਕਰਕੇ ਇਤਿਹਾਸਕ ਯੋਗਦਾਨ ਪਾਇਆ। ਜਨਮੇਜਾ ਜੌਹਲ ਨੇ ਵੀ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਿਛਲੇ 40 ਕੁ ਸਾਲ ਤੋਂ ਪੰਜਾਬੀ ਭਵਨ ਆ ਕੇ ਮੈਨੂੰ ਖ਼ਾਸ ਸਕੂਨ ਮਿਲਦਾ ਹੈ। ਮੇਰੀਆਂ ਸਾਰੀਆਂ ਕਿਤਾਬਾਂ ਅਕਾਦਮੀ ਵਿਖੇ ਕਾਰਜਸ਼ੀਲ ਰਹਿੰਦਿਆਂ ਹੋਂਦ ਵਿਚ ਆਈਆਂ ਹਨ। ਜਦੋਂ ਲੋਕਤੰਤਰ ਨੂੰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ ਤਾਂ ਅਜਿਹੀਆਂ ਜਮਹੂਰੀ ਆਧਾਰ ਵਾਲੀਆਂ ਸੰਸਥਾਵਾਂ ਲੋਕਤੰਤਰੀ ਪ੍ਰਬੰਧ ਦੀਆਂ ਜਾਮਨ ਬਣਦੀਆਂ ਹਨ। ਇਸ ਮੌਕੇ ਅਮਰਜੀਤ ਸ਼ੇਰਪੁਰੀ ਅਤੇ ਰਾਮ ਸਿੰਘ ਅਲਬੇਲਾ ਨੇ ਤਰੁੰਨਮ ’ਚ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਚਰਨਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਮਾਂਗਟ, ਕੇ. ਸਾਧੂ ਸਿੰਘ, ਪ੍ਰਭਜੋਤ ਸੋਹੀ, ਦੀਪ ਜਗਦੀਪ, ਡਾ. ਜਸਵਿੰਦਰ ਧਨਾਨਸੂ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਅਸ਼ਵਨੀ ਜੇਤਲੀ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਕੰਵਲਜੀਤ ਸ਼ੰਕਰ, ਸਰੋਜ ਰਾਣੀ ਸ਼ਰਮਾ, ਸੰਧੇ ਸੁਖਬੀਰ, ਜਗਪਾਲ ਸਿੰਘ ਜੱਗਾ, ਸੋਮਨਾਥ ਭੱਟੀ, ਰਣਜੀਤ ਸਿੰਘ ਖ਼ਾਲਸਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।