ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੇ ਬਾਇਓ ਕੈਮਿਸਟਰੀ ਵਿਭਾਗ ਵਲੋਂ ਬੀਤੇ ਦਿਨੀਂ ਇਕ ਸਭਿਆਚਾਰਕ ਸਮਾਗਮ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਕਾਨਫ਼ਰੰਸ ਹਾਲ ਵਿਚ ਕਰਵਾਇਆ ਗਿਆ। ਇਸ ਵਿਚ ਵਿਭਾਗ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਵਿਚ ਰੰਗਾਰੰਗ ਵੰਨਗੀਆਂ ਪੇਸ਼ ਹੋਈਆਂ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਪੀ.ਏ.ਯੂ. ਦੀ ਸਭਿਆਚਾਰਕ ਵਿਰਾਸਤ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਬਿਹਤਰ ਮਨੁੱਖ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਡਾ. ਕਿਰਨ ਬੈਂਸ ਨੇ ਸਮੁੱਚੇ ਵਿਦਿਆਰਥੀਆਂ ਨੂੰ ਆਪਣੇ ਵਿਭਾਗ ਦੇ ਨਵੇਂ ਅਤੇ ਪੁਰਾਣੇ ਸਿੱਖਿਆਰਥੀਆਂ ਵਿਚਕਾਰ ਸੁਹਿਰਦ ਰਿਸ਼ਤਾ ਬਣਾਉਣ ਦੀ ਅਪੀਲ ਕੀਤੀ। ਬਾਇਓ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਸਤਵੀਰ ਕੌਰ ਗਰੇਵਾਲ ਨੇ ਵਿਭਾਗ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੰਮੀ ਅਕਾਦਮਿਕ ਪਰੰਪਰਾ ਤੋਂ ਜਾਣੂੰ ਕਰਵਾਇਆ। ਬਾਇਓ ਕੈਮੀਕਲ ਕਲੱਬ ਦੇ ਪ੍ਰਧਾਨ ਡਾ. ਸ਼ਿਲਪਾ ਨੇ ਕਈ ਸਭਿਆਚਾਰਕ ਗਤੀਵਿਧੀਆਂ ਦਾ ਸੰਚਾਲਨ ਕੀਤਾ ਅਤੇ ਨਵੇਂ ਵਿਦਿਆਰਥੀਆਂ ਨੂੰ ਉਸਦਾ ਹਿੱਸਾ ਬਣਾਇਆ। ਡਾ. ਮਨਪ੍ਰੀਤ ਕੌਰ ਨੇ ਵੀ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ। ਬਾਇਓ ਕੈਮੀਕਲ ਕਲੱਬ ਦੇ ਵਿਦਿਆਰਥੀਆਂ ਵਿਚੋਂ ਹੀ ਅਹੁਦੇਦਾਰ ਚੁਣਨ ਦੀ ਰਸਮ ਨਿਭਾਈ ਗਈ। ਕਲੱਬ ਦੇ ਵਿਦਿਆਰਥੀ ਪ੍ਰਧਾਨ ਕੁਮਾਰੀ ਹਰਜੀਤ ਕੌਰ ਨੇ ਨਵੇਂ ਬੈਚ ਦੇ ਸਵਾਗਤ ਲਈ ਕੁੱਝ ਸ਼ਬਦ ਕਹੇ। ਵਿਦਿਆਰਥੀਆਂ ਵਿਚੋਂ ਹੀ ਮਿਸਟਰ ਅਤੇ ਮਿਸ ਫਰੈਸ਼ਰ ਚੁਣ ਕੇ ਉਨ੍ਹਾਂ ਨੂੰ ਇਨਾਮ ਦਿੱਤੇ ਗਏ। ਸਮਾਰੋਹ ਦਾ ਸੰਚਾਲਨ ਨਵਰੀਤ ਕੌਰ ਅਤੇ ਗੀਤਿਕਾ ਨੇ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਗੁਰਕੰਵਲ ਕੌਰ ਨੇ ਕਹੇ। ਸਮਾਰੋਹ ਆਪਣੀ ਦਿੱਖ ਕਾਰਨ ਯਾਦਗਾਰ ਹੋ ਨਿੱਬੜਿਆ।