ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਪਿਆਰ ਦੀ ਰੱਖੜੀ
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਹਾਂਨਗਰ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਪਿਆਰ ਦੀ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਜਦਕਿ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਤੋਹਫ਼ੇ ਦੇ ਕੇ ਹਰ ਸੁੱਖ-ਦੁੱਖ ਵਿਚ ਉਨ੍ਹਾਂ ਦਾ ਸਾਥ ਨਿਭਾਉਣ ਅਤੇ ਹਰ ਮੁਸ਼ਕਿਲ ਘੜੀ ਵਿਚ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ।
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਹਾਂਨਗਰ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਪਿਆਰ ਦੀ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਜਦਕਿ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਤੋਹਫ਼ੇ ਦੇ ਕੇ ਹਰ ਸੁੱਖ-ਦੁੱਖ ਵਿਚ ਉਨ੍ਹਾਂ ਦਾ ਸਾਥ ਨਿਭਾਉਣ ਅਤੇ ਹਰ ਮੁਸ਼ਕਿਲ ਘੜੀ ਵਿਚ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਤਿਉਹਾਰ ਤੋਂ ਇਕ ਦਿਨ ਪਹਿਲਾਂ ਤੱਕ ਸ਼ਹਿਰ ਦੇ ਬਾਜ਼ਾਰਾਂ ਵਿਚ ਪਿਛਲੇ ਸਾਲਾਂ ਵਰਗੀ ਰੌਣਕ ਦਿਖਾਈ ਨਹੀਂ ਦੇ ਰਹੀ ਸੀ, ਪਰ ਆਖ਼ਰੀ ਦਿਨ ਖ਼ਰੀਦਦਾਰੀ ਲਈ ਲੋਕਾਂ ਦੀ ਆਮਦ ਵਧਣ ਨਾਲ ਬਾਜ਼ਾਰਾਂ ਨੇ ਅਚਾਨਕ ਰਫ਼ਤਾਰ ਫੜ ਲਈ। ਰੱਖੜੀਆਂ ਦੀਆਂ ਦੁਕਾਨਾਂ ’ਤੇ ਭੈਣਾਂ ਦੀ ਗਿਣਤੀ ਵਧੀ ਤਾਂ ਇਸ ਦੇ ਨਾਲ ਹੀ ਮਠਿਆਈਆਂ, ਸੁੱਕੇ ਮੇਵੇ, ਕੱਪੜੇ, ਗਿਫ਼ਟ ਅਤੇ ਕਾਸਮੈਟਿਕਸ ਦੀਆਂ ਦੁਕਾਨਾਂ ’ਤੇ ਵੀ ਚਹਿਲ ਪਹਿਲ ਵਧਦੀ ਨਜ਼ਰ ਆਈ। ਰੱਖੜੀ ਦੇ ਮੱਦੇਨਜ਼ਰ ਮਠਿਆਈ ਤੇ ਸੁੱਕੇ ਮੇਵਿਆਂ ਦੀ ਖ਼ਰੀਦਦਾਰੀ ਵੀ ਤੇਜ਼ ਹੋਈ। ਮਹਿੰਗਾਈ ਕਾਰਨ ਲੋਕ ਬਜਟ ਦੇਖ ਕੇ ਖ਼ਰੀਦਦਾਰੀ ਕਰਦੇ ਨਜ਼ਰ ਆਏ, ਪਰ ਤਿਉਹਾਰ ਦੀ ਮਿਠਾਸ ਕਾਇਮ ਰੱਖਣ ਲਈ ਮਠਿਆਈਆਂ ਦੀ ਖ਼ਰੀਦਦਾਰੀ ਵੀ ਜਾਰੀ ਰਹੀ। ਭੈਣਾਂ ਨੇ ਭਰਾਵਾਂ ਲਈ ਘੜੀਆਂ, ਪਰਫਿਊਮ, ਕੱਪੜੇ ਅਤੇ ਹੋਰ ਤੋਹਫ਼ੇ ਵੀ ਖ਼ਰੀਦੇ। ਆਨਲਾਈਨ ਖ਼ਰੀਦਦਾਰੀ ਦੇ ਵਧਦੇ ਰੁਝਾਨ ਦੇ ਬਾਵਜੂਦ ਆਖ਼ਰੀ ਸਮੇਂ ਬਾਜ਼ਾਰਾਂ ਵਿਚ ਆ ਕੇ ਆਪਣੀ ਪਸੰਦੀ ਰੱਖੜੀ ਅਤੇ ਤੋਹਫ਼ਾ ਖ਼ਰੀਦਣ ਵਾਲਿਆਂ ਦੀ ਗਿਣਤੀ ਵਧੀ। ਦੇਰ ਨਾਲ ਆਈ ਇਸ ਰੌਣਕ ਨੇ ਦੁਕਾਨਦਾਰਾਂ ਨੂੰ ਵੀ ਰਾਹਤ ਦਿੱਤੀ। ਰੱਖੜੀ ਦਾ ਤਿਉਹਾਰ ਇਕ ਵਾਰ ਫਿਰ ਇਹ ਸੁਨੇਹਾ ਦਿੰਦਾ ਨਜ਼ਰ ਆਇਆ ਕਿ ਰੱਖੜੀ ਸਿਰਫ਼ ਗੁੱਟ ’ਤੇ ਬੱਝਿਆ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਉਮਰ ਭਰ ਇਕ ਦੂਜੇ ਦਾ ਸਾਥ ਨਿਭਾਉਣ ਦੀ ਭਾਵਨਾ ਦਾ ਪ੍ਰਤੀਕ ਹੈ।