28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਐਸ.ਸੀ.ਡੀ. ਕਾਲਜ ਦੇ ਐਲੂਮਨਾਈ ਵਲੋਂ ਗਾਜ਼ਾ ਵਿਚ ਬੱਚਿਆਂ ਖ਼ਿਲਾਫ਼ ਅੱਤਿਆਚਾਰਾਂ ਦੀ ਨਿੰਦਾ

ਅਜੀਤ ਡੈਸਕ 05-07-2026
ਲੁਧਿਆਣਾ, 4 ਜੁਲਾਈ (ਜਸਵਿੰਦਰ ਸਿੰਘ)-106 ਸਾਲ ਪੁਰਾਣੇ ਪ੍ਰਤਿਸ਼ਠਿਤ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਐਲੂਮਨਾਈ ਦੇ ਇਕ ਗਰੁੱਪ ਨੇ ਗਾਜ਼ਾ ਵਿਚ ਫ਼ਲਸਤੀਨੀ ਬੱਚਿਆਂ ਵਿਰੁੱਧ ਇਜ਼ਰਾਈਲ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਦੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦੇ ਚੇਅਰਮੈਨ ਭਾਰਤੀ ਜਸਟਿਸ ਸ੍ਰੀਨਿਵਾਸਨ ਮੁਰਲੀਧਰ ਦੀ ਰਿਪੋਰਟ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ’ਤੇ ਇਕ ਵਰਚੂਅਲ ਵਿਚਾਰ-ਚਰਚਾ ਕੀਤੀ। ਐਲੂਮਨਾਈ ਐਸੋਸੀਏਸ਼ਨ ਦੇ ਆਰਗੇਨਾਈਜਿੰਗ ਸਕੱਤਰ ਬ੍ਰਿਜ ਭੂਸ਼ਣ ਗੋਇਲ, ਪ੍ਰੋਫੈਸਰ ਪੀ.ਕੇ. ਸ਼ਰਮਾ, ਇੰਟਰਨੈਸ਼ਨਲ ਸੁਸਾਇਟੀ ਆਫ਼ ਐਥਿਕਸ ਦੇ ਪ੍ਰਧਾਨ ਡਾ. ਜਰਨੈਲ ਸਿੰਘ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਜੂਨ 2026 ਵਿਚ ਜਾਰੀ ਕੀਤੀ ਗਈ ਰਿਪੋਰਟ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਜੇ ਰਿਪੋਰਟ ਵਿਚ ਦਰਜ ਤੱਥ ਸਹੀ ਹਨ ਤਾਂ ਇਹ ਮਨੁੱਖੀ ਅਧਿਕਾਰਾਂ ਦੀਆਂ ਸਭ ਤੋਂ ਘਿਣਾਉਣੀਆਂ ਉਲੰਘਣਾਵਾਂ ਵਿਚੋਂ ਇਕ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਮੈਂਬਰ ਦੇਸ਼ਾਂ ਨੂੰ ਇਜ਼ਰਾਈਲ ਨਾਲ ਆਪਣੇ ਕੂਟਨੀਤਕ ਅਤੇ ਹੋਰ ਸੰਬੰਧਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਹੇ। ਪੁਰਾਣੇ ਵਿਦਿਆਰਥੀ ਜਗਮੋਹਨ ਗਰਗ ਨੇ ਕਿਹਾ ਕਿ ਸੱਚ ਬੋਲਣ ਅਤੇ ਸੱਚ ਨੂੰ ਦਸਤਾਵੇਜ਼ੀ ਰੂਪ ਵਿਚ ਸਾਹਮਣੇ ਲਿਆਉਣ ਦਾ ਸਾਹਸ ਬਹੁਤ ਘੱਟ ਲੋਕਾਂ ਵਿਚ ਹੁੰਦਾ ਹੈ। ਸਾਬਕਾ ਪ੍ਰਿੰਸੀਪਲ ਮੰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਕਈ ਦੇਸ਼ਾਂ ਵਿਚ ਲੋਕਤੰਤਰ ਦੀ ਆੜ ਹੇਠ ਤਾਨਾਸ਼ਾਹੀ ਰੁਝਾਨ ਮਜ਼ਬੂਤ ਹੋ ਰਹੇ ਹਨ। ਚਰਚਾ ਵਿਚ ਪ੍ਰੋ. ਆਈ.ਪੀ. ਸੇਤੀਆ, ਪ੍ਰੋ. ਡਾ. ਬੀ.ਪੀ. ਸਿੰਘ, ਬਲਦੇਵ ਗਰਚਾ, ਡਾ. ਸੁਨੀਲ ਚੋਪੜਾ ਅਤੇ ਪ੍ਰੋ. ਜਗਜੀਤ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਪਿਛਲੀ ਖ਼ਬਰ ਸੰਤ ਬਾਬਾ ਜਰਨੈਲ ਸਿੰਘ ਵਿਦੇਸ਼ ਸਮਾਗਮਾਂ ਲਈ ਹੋਏ ਰਵਾਨਾ ਅਗਲੀ ਖ਼ਬਰ ਰਵਿੰਦਰ ਸਿੰਘ ਜੁੱਗੀ ਬਰਾੜ ਦਾ ਸਸਕਾਰ-ਵੱਖ-ਵੱਖ ਵਰਗਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।