27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲੁਧਿਆਣਾ ਦੇ ਪਿੰਡ ਕੱਦੋਂ ਦੇ ਵਿਅਕਤੀ ਦਾ ਆਦਮਪੁਰ ਦੇ ਪਿੰਡ ਮਾਣਕੋ ਵਿਖੇ ਬੇਰਹਿਮੀ ਨਾਲ ਕਤਲ, ਇਲਾਕੇ ਵਿੱਚ ਫੈਲੀ ਸਨਸਨੀ

ਅਜੀਤ ਡੈਸਕ 05-07-2026

ਆਦਮਪੁਰ,4 ਜੁਲਾਈ( ਹਰਪ੍ਰੀਤ ਸਿੰਘ, ਰਮਨ ਦਵੇਸਰ )- ਵਿਧਾਨ ਸਭਾ ਆਦਮਪੁਰ ਦੇ ਥਾਣੇ ਅਧੀਨ ਆਉਂਦਾ ਪਿੰਡ ਮਾਣਕੋ ਨੇੜੇ ਖੇਤਾਂ ਵਿੱਚ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹਾ ਲੁਧਿਆਣਾ ਇਲਾਕੇ ਰਹਿਣ ਵਾਲੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਮਿ੍ਤਕ ਦੇ ਦੋਸਤ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਵਾਸੀ ਕੱਦੋਂ ਤਹਿਸੀਲ ਪਾਇਲ ਜ਼ਿਲ੍ਹਾਂ ਲੁਧਿਆਣਾ ਦੇ ਬਿਆਨਾਂ ਦੇ ਆਧਾਰ ‘ਤੇ ਬੀ.ਐਨ.ਐਸ. ਦੀ ਧਾਰਾ 103 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਦਿਲਬਾਗ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਰਹੂਮ ਜਗਜੀਤ ਸਿੰਘ ਦਾ ਕਰੀਬ 20 ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਉਸਦੇ 2 ਬੇਟੇ ਅਤੇ ਇੱਕ ਬੇਟੀ ਆਪਣੀ ਮਾਤਾ ਨਾਲ ਆਸਟ੍ਰੇਲੀਆ ਰਹਿ ਰਹੇ ਹਨ, ਜਦਕਿ ਉਕਤ ਵਿਅਕਤੀ ਦਾ ਆਪਣੇ ਹੋਰ ਪਰਿਵਾਰ ਨਾਲ ਵੀ ਕੋਈ ਸਬੰਧ ਨਹੀਂ ਸੀ। ਥਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਜਗਜੀਤ ਸਿੰਘ ‘ਤੇ ਪਹਿਲਾਂ ਵੀ ਕੁਝ ਅਪਰਾਧਿਕ ਮਾਮਲੇ ਦਰਜ ਦੱਸੇ ਜਾ ਰਹੇ ਹਨ, ਜਿਸਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਗਜੀਤ ਸਿੰਘ ਦੇ ਮੂੰਹ ਅਤੇ ਸਿਰ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ। ਦੇਖਣ ‘ਤੇ ਇੰਝ ਜਾਪਦਾ ਹੈ ਜਿਵੇਂ ਇੱਟਾਂ-ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹੋਣ ਤਾਂ ਜੋ ਉਸਦੀ ਪਛਾਣ ਨਾ ਹੋ ਸਕੇ। ਬਰਹਾਲ, ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤਾ ਹੈ, ਜਿੱਥੇ ਕੱਲ੍ਹ ਪੋਸਟਮਾਰਟਮ ਕੀਤਾ ਜਾਵੇਗਾ। ਜਗਜੀਤ ਸਿੰਘ , ਜੋ ਕਿ ਪਹਿਲਾਂ ਸਰਹਿੰਦ ਦਾ ਵਾਸੀ ਸੀ ਅਤੇ ਹੁਣ ਹਾਲ ਵਾਸੀ ਦੋਰਾਹਾ ਨੇੜਲੇ ਪਿੰਡ ਕੱਦੋਂ ਦਾ ਦੱਸਿਆ ਜਾ ਰਿਹਾ ਹੈ, ਦਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਦਮਪੁਰ ਦੇ ਪਿੰਡ ਮਾਣਕੇ ਪੁੱਜਣਾ ਇੱਕ ਵੱਡੀ ਪਹੇਲੀ ਹੈ। ਘਟਨਾ ਸਥਾਨ ਤੋਂ ਮਹਿਜ਼ 100 ਮੀਟਰ ਪਿੱਛੇ ਉਸਦੀ ਕਾਰ ਖੜ੍ਹੀ ਮਿਲੀ ਹੈ। ਪਿੰਡ ਅਤੇ ਇਲਾਕਾ ਵਾਸੀ ਵੀ ਇਸ ਗੱਲੋਂ ਹੈਰਾਨ ਹਨ ਕਿ ਆਖਿਰ ਉਹ ਇਸ ਜਗ੍ਹਾ ‘ਤੇ ਕਿੱਦਾਂ ਪਹੁੰਚਿਆ, ਕਿਉਂਕਿ ਅਜੇ ਤੱਕ ਪਿੰਡ ਅੰਦਰ ਕਿਸੇ ਨਾਲ ਵੀ ਉਸਦੀ ਦੋਸਤੀ ਜਾਂ ਰਿਸ਼ਤੇਦਾਰੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਫਿਲਹਾਲ ਹਰ ਕਿਸੇ ਦੀ ਨਜ਼ਰ ਪੁਲਿਸ ਦੀ ਜਾਂਚ ‘ਤੇ ਟਿਕੀ ਹੋਈ ਹੈ ਅਤੇ ਇੰਤਜ਼ਾਰ ਹੈ ਕਿ ਕਦੋਂ ਤੱਕ ਪੁਲਿਸ ਇਸ ਅੰਨ੍ਹੇ ਕਤਲਕਾਂਡ ਦੀ ਗੁੱਥੀ ਸੁਲਝਾ ਕੇ ਅਸਲ ਦੋਸ਼ੀਆਂ ਨੂੰ ਬੇਪਰਦ ਕਰਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”ਸ਼ੁਰੂਆਤੀ ਜਾਂਚ ਵਿੱਚ ਕਤਲ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪਿਛਲੀ ਖ਼ਬਰ ਕਰੋੜਾਂ ਦੀ ਜਾਇਦਾਦ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀਆਂ ਸੜਕਾਂ ਦੇ ਹਾਲਾਤ ਬਣੇ ਤਰਸਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।