13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਇਸਾਈ ਭਾਈਚਾਰੇ ਵਲੋਂ ਸਿੰਘ ਸਾਹਿਬ ਗਿਆਨੀ ਗੜਗੱਜ ਦੇ ਸਟੈਂਡ ਦੀ ਸ਼ਲਾਘਾ

ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਯੂਨਾਈਟਡ ਕ੍ਰਿਸਚਨ ਫੈਡਰੇਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸਿੱਖ ਵਿਧਾਇਕਾਂ ਦੀ ਸੱਦੀ ਮੀਟਿੰਗ ਦੌਰਾਨ ਇਕ ਜਰਨੈਲ ਵਜੋਂ ਨਿਭਾਏ ਰੋਲ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅੱਜ ਇਥੇઠਗੱਲਬਾਤ ਕਰਦਿਆਂ ਇਸਾਈ ਭਾਈਚਾਰੇ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਹੈ ਕਿ ਸਿੰਘ ਸਾਹਿਬ ਗਿਆਨੀ ਗੜਗੱਜ ਵਲੋਂ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਸਤਿਕਾਰ ਸੋਧ ਐਕਟ ਸਬੰਧੀ ਸਿੱਖ ਵਿਧਾਇਕਾਂ ਦੀ ਬੁਲਾਈ ਗਈ ਮੀਟਿੰਗ ਵਿਚ ਇਨ੍ਹਾਂ ਵਿਧਾਇਕਾਂ ਦੀ ਜੋ ਅਸਲੀਅਤ ਸਾਹਮਣੇ ਲਿਆਂਦੀ ਹੈ ਉਸ ਨੇ ਸਿਆਸੀ ਪਾਰਟੀਆਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ઠਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਭਵਿੱਖ ਤੈਅ ਕਰਨ ਵਾਲੇ ਸਿਆਸੀ ਆਗੂ ਕਾਨੂੰਨ ਪ੍ਰਤੀ ਕਿੰਨੇ ਕੁ ਸੰਜ਼ੀਦਾ ਹਨ ਇਹ ਇਸ ਮੀਟਿੰਗ ਦੌਰਾਨ ਪਤਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲੀ ਫੂਲਾ ਸਿੰਘ ਦੇ ਕਦਮਾਂ ਤੇ ਚਲਦਿਆਂ ਜੋ ਨਵੀਂ ਪ੍ਰਿਤ ਪਾਈ ਹੈ ਉਸ ਦਾ ਸਿਰਫ਼ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸਿਰਫ਼ ਸਿੱਖਾਂ ਦੇ ਮਸਲਿਆਂ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਚਿਮੜੇ ਰੋਗਾਂ ਨੂੰ ਦੂਰ ਕਰਨ ਲਈ ਵੀ ਇਕ ਮੁਹਿੰਮ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ, ਬੇਰੁਜ਼ਗਾਰੀ, ਜਾਤ-ਪਾਤ, ਗੈਂਗਸਟਰਵਾਦ, ਮਹਿੰਗਾਈ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਇਨ੍ਹਾਂ ਕੁਰੀਤੀਆਂ ਨੂੰ ਵੀ ਦੂਰ ਕਰਨ ਲਈ ਇਕ ਸਰਬ ਧਰਮ ਮੀਟਿੰਗ ਬੁਲਾ ਕੇ ਇਕ ਨੀਤੀ ਤੈਅ ਕਰਨ ਤਾਂ ਜੋ ਪੰਜਾਬ ਦਾ ਇਨ੍ਹਾਂ ਬਿਮਾਰੀਆਂ ਤੋਂ ਖਹਿੜਾ ਛੁਡਾਕੇ ਸਾਫ਼ ਸੁਥਰੇ ਅਤੇ ਰੋਸ਼ਨ ਭਵਿੱਖ ਪੰਜਾਬ ਦੀ ਸਥਾਪਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੀ ਇਸ ਮੁਹਿੰਮ ਵਿਚ ਉਹ ਮਾਵਾਂ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੀ ਭੇਟ ਚੜੇ ਹਨ, ਉਹ ਭੈਣਾਂ ਜਿਨ੍ਹਾਂ ਦੇ ਵੀਰ ਬੇਰੁਜ਼ਗਾਰੀ ਦੀ ਦਲ ਦਲ ਕਾਰਨ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹਨ ਅਤੇ ਉਹ ਔਰਤਾਂ ਜਿਨ੍ਹਾਂ ਦੇ ਸੁਹਾਗ ਇਨ੍ਹਾਂ ਬਿਮਾਰੀਆਂ ਦੀ ਗ੍ਰਿਫਤ ਵਿਚ ‘ਚ ਆ ਕੇ ਉਜੜੇ ਹਨ, ਉਨ੍ਹਾਂ ਸਭ ਵਲੋਂ ਸਿੰਘ ਸਾਹਿਬ ਦਾ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰਾਜਸੀ ਅਤੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਗੌਰਵਮਈ ਅਤੇ ਸੁਨਹਿਰੇ ਭਵਿੱਖ ਲਈ ਸਿੰਘ ਸਾਹਿਬ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਹਰ ਮੁਹਿੰਮ ਦਾ ਸਵਾਗਤ ਕਰਨ।
ਪਿਛਲੀ ਖ਼ਬਰ ਪ੍ਰਵਾਸੀ ਪੰਜਾਬੀ ਲੇਖਕ ‘ਸ਼ਿਵਚਰਨ ਗਿੱਲ ਦੀਆਂ ਸਾਰੀਆਂ ਕਹਾਣੀਆਂ’ ਪ੍ਰੋ. ਗੁਰਭਜਨ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ ਅਗਲੀ ਖ਼ਬਰ ਧਰਮ ਦੀ ਭੈਣ ਨਾਲ 9 ਲੱਖ 80 ਹਜ਼ਾਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਭਰਾ ਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।