13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਧਰਮ ਦੀ ਭੈਣ ਨਾਲ 9 ਲੱਖ 80 ਹਜ਼ਾਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਭਰਾ ਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਧਰਮ ਦੀ ਭੈਣ ਨਾਲ 9 ਲੱਖ 80 ਹਜ਼ਾਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਭਰਾ ਤੇ ਉਸ ਦੀ ਪਤਨੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਵਲੋਂ ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਹੀ ਇਹ ਧੋਖਾਧੜੀ ਕੀਤੀ ਗਈ ਹੈ। ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਸਬ ਇੰਸਪੈਕਟਰ ਬਲਬੀਰ ਕ੍ਰਿਸ਼ਨ ਦੀ ਪਤਨੀ ਸੋਨੀਆ ਵਾਸੀ ਸਦਰ ਪੁਲਿਸ ਕਵਾਟਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਸਾਊਥ ਮਾਡਲ ਗ੍ਰਾਮ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਉਸ ਦੀ ਪਤਨੀ ਪੂਜਾ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਸ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸ ਨੇ ਆਪਣੇ ਲੜਕੇ ਰਿਤਿਕ ਨੂੰ ਵਿਦੇਸ਼ ਭੇਜਣ ਸਬੰਧੀ ਮਨਪ੍ਰੀਤ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਪੂਜਾ ਕਾਫ਼ੀ ਟਰੈਵਲ ਏਜੰਟਾਂ ਨੂੰ ਜਾਣਦੀ ਹੈ ਅਤੇ ਉਹ ਕਈ ਬੱਚਿਆਂ ਨੂੰ ਵਿਦੇਸ਼ ਵਿਚ ਭੇਜ ਚੁੱਕੀ ਹੈ। ਸੋਨੀਆ ਨੇ ਦੱਸਿਆ ਕਿ ਮਨਪ੍ਰੀਤ ਉਸ ਨੂੰ ਆਪਣੀ ਭੈਣ ਸਮਝਦਾ ਸੀ, ਜਿਸ ਕਾਰਨ ਉਸ ਨੇ ਵਿਸ਼ਵਾਸ ਵਿਚ ਆ ਕੇ ਕੁੱਝ ਲੋਕਾਂ ਪਾਸੋਂ ਕਰਜ਼ਾ ਚੁੱਕ ਕੇ 12 ਲੱਖ ਰੁਪਏ ਮਨਪ੍ਰੀਤ ਅਤੇ ਉਸ ਦੀ ਪਤਨੀ ਪੂਜਾ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿਚ ਦੇ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਉਸ ਦੇ ਲੜਕੇ ਨੂੰ ਵਿਦੇਸ਼ ਨਾ ਭੇਜਿਆ ਤਾਂ ਉਸ ਨੇ ਇਹਨਾਂ ਕਥਿਤ ਦੋਸ਼ੀਆਂ ਪਾਸੋਂ ਪੈਸੇ ਦੀ ਮੰਗ ਕੀਤੀ, ਜਿਸ ’ਤੇ ਇਹਨਾਂ ਨੇ 2 ਲੱਖ 20 ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ, ਜਦਕਿ 9 ਲੱਖ 80 ਹਜ਼ਾਰ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਜਾਂਚ ਉਪਰੰਤ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਇਸਾਈ ਭਾਈਚਾਰੇ ਵਲੋਂ ਸਿੰਘ ਸਾਹਿਬ ਗਿਆਨੀ ਗੜਗੱਜ ਦੇ ਸਟੈਂਡ ਦੀ ਸ਼ਲਾਘਾ ਅਗਲੀ ਖ਼ਬਰ ਖਾਤਿਆਂ ਵਿਚ ਪੈਸੇ ਆਉਣ ’ਤੇ ਔਰਤਾਂ ਨੇ ਕੌਂਸਲਰ ਬੱਬਲ ਨਾਲ ਮਿਲ ਕੇ ਕੀਤਾ ਖ਼ੁਸ਼ੀ ਦਾ ਇਜ਼ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।