24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅੱਤ ਦੀ ਗਰਮੀ 'ਚ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ 'ਚ ਮਚੀ ਹਾਹਾਕਾਰ <br/>

ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਜਤਿੰਦਰ ਭੰਬੀ)-ਸੂਬਾ ਸਰਕਾਰ ਵਲੋਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਤੇ ਦਾਅਵੇ ਸ਼ਹਿਰ ਅੰਦਰ ਲੱਗ ਰਹੇ ਅਣ-ਐਲਾਨੇ ਬਿਜਲੀ ਦੇ ਕੱਟਾਂ ਨੇ ਖੋਖਲੇ ਸਿੱਧ ਕਰ ਦਿੱਤੇ, ਜਦ ਕਿ ਪਾਰਾ 45 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਅਤੇ ਸੂਰਜ ਦੀ ਤਪਸ਼ ਨੇ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਅਤੇ ਸ਼ਾਮ ਢਲਣ ਤੋਂ ਬਾਅਦ ਵੀ ਸ਼ਹਿਰ ਤੰਦੂਰ ਵਾਂਗ ਤਪਦਾ ਰਹਿੰਦਾ ਹੈ | ਅੱਤ ਦੀ ਪੈ ਰਹੀ ਗਰਮੀ ਦੇ ਨਾਲ-ਨਾਲ ਲੋਕਾਂ ਨੂੰ ਅਣ-ਐਲਾਨੇ ਬਿਜਲੀ ਦੇ ਕੱਟਾਂ ਕਾਰਨ ਦੋਹਰੀ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਅਣ-ਐਲਾਨੇ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਕੰਮਕਾਰਾਂ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਤ ਦੀ ਗਰਮੀ ਅਤੇ ਚੱਲ ਰਹੀ ਲੂ ਨੇ ਜਿੱਥੇ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ, ਉਥੇ ਹੀ ਲੱਗ ਰਹੇ ਬਿਜਲੀ ਦੇ ਲੰਬੇੇ-ਲੰਬੇ ਕੱਟਾਂ ਕਾਰਨ ਲੋਕ ਪਾਵਰਕਾਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆ ਰਹੇ ਹਨ | ਆਏ ਦਿਨ ਸਨਅਤੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਲੱਗਣ ਵਾਲੇ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਲੋਂ 1912 ਨੰਬਰ 'ਤੇ ਸ਼ਿਕਾਇਤ ਕਰਨ ਤੋਂ ਬਾਅਦ ਜਦ ਕੋਈ ਹੱਲ ਨਹੀਂ ਹੁੰਦਾ ਤਾਂ ਉਹ ਸਬੰਧਿਤ ਵਿਭਾਗ ਦੇ ਦਫ਼ਤਰਾਂ ਵਿਚ ਗੇੜੇ ਮਾਰਨ ਲਈ ਮਜ਼ਬੂਰ ਹੋ ਜਾਂਦੇ ਹਨ | ਬਹੁਤੇ ਪਾਵਰਕਾਮ ਸਬ ਸਟੇਸ਼ਨਾਂ ਤੇ ਲੋਕਾਂ ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਆਏ ਦਿਨ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਠੋਸ ਜਵਾਬ ਦੇਣ ਦੀ ਬਜਾਏ ਬਿਜਲੀ ਕਾਮਿਆਂ ਦੀ ਘਾਟ ਦਾ ਵਾਸਤਾ ਪਾ 'ਕੁਝ ਸਮੇਂ ਤੱਕ ਬਿਜਲੀ ਬਹਾਲ ਹੋ ਜਾਵੇਗੀ' ਆਖ ਕੇ ਜਿੱਥੇ ਖਹਿੜਾ ਛੁਡਾਇਆ ਜਾ ਰਿਹਾ ਹੈ, ਉਥੇ ਹੀ ਘੰਟਿਆਂਬੱਧੀ ਲੋਕਾਂ ਨੂੰ ਬਿਜਲੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਾ ਪੈ ਰਿਹਾ ਹੈ |
ਗਰਮੀ ਅਤੇ ਅਣ-ਐਲਾਨੇ ਕੱਟਾਂ ਕਰਕੇ ਇਨਵਰਟਰਾਂ ਨੇ ਕੰਮ ਕਰਨਾ ਛੱਡਿਆ
ਅੱਤ ਦੀ ਪੈ ਰਹੀ ਗਰਮੀ 'ਚ ਟਰਾਂਸਫਾਰਮਰਾਂ ਨੇ ਕੰਮ ਕਰਨਾ ਛੱਡ ਦਿੱਤਾ ਅਤੇ ਲੋਕ ਬਿਜਲੀ ਆਉਣ ਦੀ ਉਡੀਕ 'ਚ ਤ੍ਰਾਹ-ਤ੍ਰਾਹ ਕਰ ਰਹੇ ਹਨ | ਬਿਜਲੀ ਦੇ ਕੱਟਾਂ ਕਾਰਨ ਘਰਾਂ 'ਚ ਲੱਗੇ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਗਏ | ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਦਾ ਲੋਡ ਘੱਟ-ਵੱਧ ਆਉਣ ਕਰਕੇ ਲੋਕਾਂ ਦੇ ਬਿਜਲੀ ਉਪਕਰਨ ਤਾਂ ਸੜ ਹੀ ਰਹੇ ਹਨ ਅਤੇ ਇਨਵਰਟਰਾਂ ਵਿਚ ਤਕਨੀਕੀ ਨੁਕਸ ਕਾਰਨ ਫਿਊਜ ਵੀ ਉਡਣੇ ਸ਼ੁਰੂ ਹੋ ਗਏ ਹਨ |
ਬਿਜਲੀ ਦੀ ਨਿਰਵਿਘਨ ਸਪਲਾਈ ਦੇਣ 'ਚ ਫੇਲ੍ਹ ਸਾਬਿਤ ਹੋਈ ਸਰਕਾਰ-ਚੌਹਾਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜੈਮਲ ਸਿੰਘ ਚੌਹਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਵਿਚ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ 'ਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਸਰਕਾਰ ਅਸਲੀ ਚਿਹਰਾ ਸਾਹਮਣੇ ਲਿਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਬਿਜਲੀ ਕਾਮਿਆਂ ਦੀ ਭਰਤੀ ਕਰਕੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬਿਜਲੀ ਘਰਾਂ ਵਿਚ ਖੱਜਲ ਖੁਆਰ ਨਾ ਹੋਣਾ ਪਵੇ |

ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਕਾਰੋਬਾਰੀ ਤੋਂ ਸਕੂਟਰ ਲੁੱਟ ਕੇ ਫ਼ਰਾਰ ਅਗਲੀ ਖ਼ਬਰ ਫ਼ਿਰੋਜ਼ਪੁਰ ਰੋਡ 'ਤੇ ਟਿੰਬਰ ਗੋਦਾਮ ਨੰੂ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।