18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲੋਹੇ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਉਦਯੋਗ ਤਬਾਹੀ ਦੇ ਕੰਢੇ 'ਤੇ <br/>

ਅਜੀਤ ਡੈਸਕ 05-04-2026

ਲੁਧਿਆਣਾ,4 ਅਪ੍ਰੈਲ (ਜਤਿੰਦਰ ਭੰਬੀ)-ਪੈਟਰੋਲੀਅਮ ਪਦਾਰਥਾਂ ਗੈਸ ਸਿਲੰਡਰ ਆਦਿ ਦੀਆਂ ਵਧ ਰਹੀਆਂ ਰਹੀਆਂ ਕੀਮਤਾਂ ਨੂੰ ਲੈ ਕੇ ਤਾਂ ਆਮ ਲੋਕ ਪਿਛਲੇ ਕਈ ਦਿਨਾਂ ਤੋਂ ਚਿੰਤਤ ਨਜ਼ਰ ਆ ਹੀ ਰਹੇ ਹਨ | ਉਥੇ ਹੀ ਉਦਯੋਗਿਕ ਉਤਪਾਦਨ ਵਿਚ ਸਭ ਤੋਂ ਅਹਿਮ ਮੰਨੇ ਜਾਂਦੇ ਲੋਹੇ ਦੀਆਂ ਕੀਮਤਾਂ 'ਚ ਪਿਛਲੇ ਕਈ ਦਿਨਾਂ ਤੋਂ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਟਨ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜਿਸ ਨਾਲ ਉਦਮੀਆਂ ਦੇ ਮੱਥੇ ਉਤੇ ਚਿੰਤਾ ਦੀਆ ਲਕੀਰਾਂ ਸਾਫ਼ ਦਿਖਾਈ ਦੇਣ ਲੱਗ ਗਈਆਂ ਹਨ, ਕਿਉਂਕਿ ਉਦਯੋਗ ਪਹਿਲਾਂ ਹੀ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਇੱਥੇ ਹੀ ਬੱਸ ਨਹੀਂ ਲੋਹੇ ਦੇ ਨਾਲ ਨਾਲ ਸਨਅਤੀ ਖੇਤਰਾਂ ਵਿਚ ਵਰਤੋਂ ਹੋਣ ਵਾਲੇ ਕੱਚੇ ਮਾਲ ਤੋਂ ਲੈ ਕੇ ਪੈਕਿੰਗ ਸਮਗਰੀ ਤੱਕ ਸਭ ਦੇ ਭਾਅ ਵਿਚ ਤੇਜ਼ੀ ਨਾਲ ਹੋਏ ਵਾਧੇ ਤੋਂ ਕਾਰੋਬਾਰੀ ਬੇਹੱਦ ਦੁਖੀ ਦਿਖਾਈ ਦੇ ਰਹੇ ਹਨ | ਜੇਕਰ ਉਦਯੋਗਪਤੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕੇ ਵੱਡੀਆਂ ਕੰਪਨੀਆਂ ਆਪਣੇ ਮੁਨਾਫ਼ੇ ਦੀ ਖ਼ਾਤਰ ਜੰਗ ਦਾ ਬਹਾਨਾ ਬਣਾ ਕੇ ਕੀਮਤਾਂ ਵਿਚ ਬੇਮਤਲਬ ਦਾ ਵਾਧਾ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਤਬਾਹ ਕਰਨ ਵਲ ਤੁਰੀਆਂ ਹੋਈਆਂ ਹਨ, ਉਥੇ ਹੀ ਕਈ ਮੱਧਵਰਗੀ ਉਦਯੋਗਾਂ 'ਤੇ ਸੰਕਟ ਦੇ ਬਦਲ ਮੰਡਰਾ ਰਹੇ ਹਨ, ਜੋ ਕਿ ਕੇਵਲ ਉਦਯੋਗ ਜਗਤ ਲਈ ਹੀ ਨਹੀਂ ਸਗੋਂ ਆਮ ਲੋਕਾਂ ਲਈ ਵੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੇ ਹਨ, ਕਿਉਂਕਿ ਇਸ ਨਾਲ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਚ ਵਾਧਾ ਹੋਣਾ ਤੈਅ ਹੈ | ਜ਼ਿਕਰਯੋਗ ਹੈ ਕਿ ਪੈਟਰੋਲੀਅਮ ਪਦਾਰਥਾਂ ਦੇ ਬੇਮਿਸਾਲ ਵਾਧੇ ਨਾਲ ਢੋਆ ਢੁਆਈ ਦੀਆਂ ਲਾਗਤਾਂ ਦੇ ਵਧਣ ਨਾਲ ਉਦਯੋਗ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਲੋਹੇ ਦੀਆਂ ਵਧ ਰਹੀਆਂ ਕੀਮਤਾਂ ਹੈਰਾਨ ਅਤੇ ਪੇ੍ਰਸ਼ਾਨ ਕਰਨ ਵਾਲੀ ਗੱਲ-ਵਿਸ਼ਵਕਰਮਾ
ਫੈਡਰੇਸ਼ਨ ਆਫ ਐਮ.ਐਸ.ਐਮ.ਈ. ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਵਿਸ਼ਵਕਰਮਾ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਲੋਹੇ ਦੀਆਂ ਵਧ ਰਹੀਆਂ ਕੀਮਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੋਜ਼ਾਨਾ ਲੋਹੇ ਦੀਆਂ ਕੀਮਤਾਂ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਜੋ ਉਦਯੋਗ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹੈਰਾਨ ਅਤੇ ਪੇ੍ਰਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਘੰਟੇ ਬਾਅਦ ਹੀ ਲੋਹੇ ਦੀਆਂ ਕੀਮਤਾਂ ਵਿਚ ਬਦਲਾਅ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਈਕਲ ਸਨਅਤ ਅਤੇ ਹੋਰ ਉਦਯੋਗਾਂ ਵਿਚ ਇਸਤੇਮਾਲ ਹੁੰਦੇ ਪਲਾਸਟਿਕ ਦਾਣੇ ਦੀਆਂ ਕੀਮਤਾਂ ਵਿਚ ਪਿਛਲੇ ਕੁੱਝ ਸਮੇਂ ਤੋਂ ਹੀ 30 ਤੋਂ 35 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਅਤਿ ਨਿੰਦਣਯੋਗ ਹੈ |
ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧਾ ਰੁਜ਼ਗਾਰ ਅਤੇ ਉਦਯੋਗਾਂ ਲਈ ਖ਼ਤਰਾ-ਸੀਸੂ ਪ੍ਰਧਾਨ ਆਹੂਜਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਐਸੋਸੀਏਸ਼ਨ (ਸੀਸ)ੂ ਦੇ ਪ੍ਰਧਾਨ ਅਤੇ ਨਿਊ ਸਵੈਨ ਐਗਰੋ ਦੇ ਪ੍ਰਬੰਧ ਨਿਰਦੇਸ਼ਕ ਨੇ ਕੱਚੇ ਮਾਲ ਦੇ ਭਾਅ ਵਿਚ ਹੋ ਰਹੇ ਵਾਧੇ 'ਤੇ ਚਿੰਤਤ ਹੁੰਦਿਆਂ ਕਿਹਾ ਕਿ ਉਦਯੋਗ ਪਹਿਲਾਂ ਹੀ ਪੈਟਰੋਲੀਅਮ ਪਦਾਰਥਾਂ ਵਿਚ ਹੋ ਰਹੇ ਵਾਧੇ ਅਤੇ ਗੈਸਾਂ ਦੀ ਸਪਲਾਈ ਵਿਚ ਪੈ ਰਹੇ ਵਿਘਨ ਕਾਰਨ ਨਾਜ਼ਕ ਦੌਰ 'ਚੋਂ ਦੀ ਗੁਜ਼ਰ ਰਿਹਾ ਹੈ | ਇਸ ਸਬੰਧੀ ਸੀਸੂ ਵਲੋਂ ਪਹਿਲਾਂ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੂੰ ਇਕ ਪੱਤਰ ਲਿਖਿਆ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਸ ਨਾਜ਼ਕ ਸਥਿਤੀ ਵਿਚ ਲੋਹੇ ਦੇ ਭਾਅ ਵਿਚ ਉਛਾਲ ਆਉਣ ਨਾਲ ਉਦਯੋਗ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੋਹੇ ਦੀਆਂ ਵਧ ਰਹੀਆਂ ਕੀਮਤਾਂ ਨਿਰਯਾਤ ਅਤੇ ਸਮੁੱਚੇ ਉਦਯੋਗਿਕ ਵਿਕਾਸ 'ਤੇ ਮਾੜਾ ਅਸਰ ਪੈਣਾ ਸੁਭਾਵਿਕ ਹੈ, ਜਿਸ ਨਾਲ ਸੂਖਮ, ਲਘੂ ਅਤੇ ਦਰਮਿਆਨੇ ਕਾਰੋਬਾਰ (ਐਮ.ਐਸ.ਐਮ.ਈ.) 'ਤੇ ਮਾੜੇ ਪ੍ਰਭਾਵ ਪੈਣੇ ਤੈਅ ਹਨ, ਜੇਕਰ ਕੇਂਦਰ ਸਰਕਾਰ ਵਲੋਂ ਕੋਈ ਢੁਕਵਾ ਕਦਮ ਨਾ ਚੁੱਕਿਆ ਗਿਆ |

ਪਿਛਲੀ ਖ਼ਬਰ ਕਾਂਗਰਸੀ ਆਗੂ ਦਾ ਕਤਲ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਕਾਬੂ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਵਲੋਂ ਹਲਕਾ ਪੱਛਮੀ ਵਿਖੇ 4.10 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।