24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅਪਰੈਂਟਸਸ਼ਿਪ ਕਰ ਚੁੱਕੇ ਲਾਈਨਮੈਨਾਂ ਨੂੰ ਨੌਕਰੀ ਦੇਣ ਦੀ ਮੰਗ ਚੁੱਕੀ ਜਥੇਬੰਦੀਆਂ ਦੇ ਆਗੂਆਂ <br/>

ਅਜੀਤ ਡੈਸਕ 01-04-2026
ਲੁਧਿਆਣਾ, 31 ਮਾਰਚ (ਜਤਿੰਦਰ ਭੰਬੀ)-ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ 6000 ਸਹਾਇਕ ਲਾਈਨਮੈਨਾਂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਜਿਉਂ ਹੀ ਵਿਭਾਗ ਦੀ ਸਾਈਟ ਉਤੇ ਪਾਇਆ ਗਿਆ ਤਾਂ ਉਸ ਨਾਲ ਬਿਜਲੀ ਮੁਲਾਜ਼ਮਾਂ ਅਤੇ ਬਿਜਲੀ ਨਿਗਮ ਵਿਚੋਂ ਐਪਰੈਂਟਸ਼ਿਪ ਕਰ ਚੁੱਕੇ ਅਤੇ ਕਰ ਰਹੇ ਲਾਈਨਮੈਨਾਂ 'ਚ ਖੁਸ਼ੀ ਦੀ ਲਹਿਰ ਦੀ ਬਜਾਏ ਗੁੱਸੇ ਦੀ ਲਹਿਰ ਦੌੜ ਗਈ | ਇਸ ਨੂੰ ਲੈ ਕੇ ਐਪਰੈਂਟਸ਼ਿਪ ਕਰ ਰਹੇ ਲਗਭਗ 2000 ਲਾਈਨਮੈਨਾਂ ਨੇ ਰੱਖ ਬਾਗ ਵਿਖੇ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ, ਜ਼ੋਨ ਦੇ ਮੀਡੀਆ ਪ੍ਰਚਾਰਕ ਤੇ ਸਰਕਲ ਪੂਰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਸਰਕਲ ਪੱਛਮੀ ਦੇ ਸਕੱਤਰ ਦਵਿੰਦਰ ਸਿੰਘ ਨੇ ਏਕਤਾ ਮੰਚ ਵਲੋਂ ਤੇ ਰਘਵੀਰ ਸਿੰਘ ਸੂਬਾ ਮੀਤ ਟੀ.ਐਸ.ਯੂ. ਨੇ ਜੁਆਇੰਟ ਫੋਰਮ ਵਲੋਂ ਹਿੱਸਾ ਲਿਆ | ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਵੀ ਪੁੱਜੇ | ਉਨ੍ਹਾਂ ਸਹਾਇਕ ਲਾਈਨਮੈਨਾਂ ਦੀਆਂ ਕੱਢੀਆਂ 6000 ਪੋਸਟਾਂ ਨੂੰ ਆਪਣੇ ਕੀਤੇ ਸੰਘਰਸ਼ਾਂ ਦੀ ਜਿੱਤ ਦੱਸਦੇ ਹੋਏ ਲਾਈਨਮੈਨ ਦੀ ਐਪਰੈਂਟਸ਼ਿਪ ਨੂੰ ਖਤਮ ਕਰਨ ਅਤੇ ਲਾਜ਼ਮੀ ਪੰਜਾਬੀ ਦੀ ਸ਼ਰਤ ਖਤਮ ਕਰਨ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਜਾ ਰਹੇ ਧੋਖੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅੱਗੇ ਹੋ ਕੇ ਸੰਘਰਸ਼ ਲੜਾਂਗੇ | ਉਨ੍ਹਾਂ ਪੰਜਾਬ ਸਰਕਾਰ, ਬਿਜਲੀ ਨਿਗਮ ਦੀ ਮੈਨੇਜਮੈਂਟ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਤੋਂ ਮੰਗ ਕੀਤੀ ਕਿ ਉਹ ਐਪਰੈਂਟਸ਼ਿਪ ਕਰਕੇ ਵੱਖ ਵੱਖ ਸੀ.ਆਰ.ਏ. 'ਚੋਂ ਰਹਿ ਚੁੱਕੇ ਉਮੀਦਵਾਰਾਂ ਨੂੰ ਸਿੱਧਾ, ਐਪਰੈਂਟਸ਼ਿਪ ਕਰ ਚੁੱਕੇ ਨੌਜਵਾਨਾਂ ਨੂੰ ਬਿਨਾ ਕੋਈ ਟੈੱਸਟ ਲਏ ਸਿੱਧਾ ਅਤੇ ਹੁਣ 4 ਮਹੀਨਿਆਂ ਤੋਂ ਐਪਰੈਂਟਸ਼ਿਪ ਕਰ ਰਹੇ ਲਾਈਨਮੈਨਾਂ ਨੂੰ ਦੋ ਮਹੀਨੇ ਬਾਅਦ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰੇ ਅਤੇ ਫਿਰ ਭਾਵੇਂ ਅਗਲੀਆਂ ਭਰਤੀਆਂ ਵਿਚ ਆਈ.ਟੀ.ਆਈ. ਪੱਧਰ 'ਤੇ ਹੀ ਸਹਾਇਕ ਲਾਈਨਮੈਨ ਭਰਤੀ ਕਰ ਲੈਣ | ਧਰਨੇ ਦੀ ਅਗਵਾਈ ਕਰ ਰਹੇ ਸੁਰਿੰਦਰ ਸਿੰਘ ਸੂਬਾ ਪ੍ਰਧਾਨ 2600 ਐਪਰੈਂਟਸ਼ਿਪ ਯੂਨੀਅਨ, ਗਗਨਦੀਪ ਕੁਮਾਰ ਪੀ.ਐਸ.ਪੀ.ਸੀ.ਐਲ. ਐਂਡ ਬੀ.ਬੀ.ਐਮ.ਬੀ. ਐਪਰੈਂਟਸ਼ਿਪ ਪਾਸ ਯੂਨੀਅਨ, ਰਮਨ ਸਿੰਘ ਸਾਬਕਾ ਸੂਬਾ ਪ੍ਰਧਾਨ 2600 ਐਪਰੈਂਟਸ਼ਿਪ ਯੂਨੀਅਨ, ਰਾਜ ਸਿੰਘ ਕੈਸ਼ੀਅਰ, ਫ਼ਤਿਹ ਸਿੰਘ ਸੂਬਾ ਸਕੱਤਰ, ਵਿਜੇ ਕੁਮਾਰ ਤੇ ਜਗਤਾਰ ਸਿੰਘ ਨੇ ਕਿਹਾ ਕਿ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਨਾ ਕਰਵਾਇਆ ਤਾਂ ਪੰਜਾਬ ਦੀ ਬਜਾਏ ਰੁਜ਼ਗਾਰ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਮਿਲੇਗਾ | ਉਨ੍ਹਾਂ ਐਲਾਨ ਕੀਤਾ ਕਿ ਆਪਣੇ ਰੁਜ਼ਗਾਰ ਅਤੇ ਲਾਜ਼ਮੀ ਪੰਜਾਬੀ ਦੀ ਸ਼ਰਤ ਲਈ ਉਹ ਪਹਿਲਾਂ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲਣਗੇ, ਜੇਕਰ ਉਨ੍ਹਾਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜੁਆਇੰਟ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਨੂੰ ਵੀ ਜਲਦੀ ਚਿੱਠੀ ਪੱਤਰ ਕਰਨਗੇ | ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਨੌਜਵਾਨ ਪੁੱਜੇ ਹੋਏ ਸਨ, ਜਿਨ੍ਹਾਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਲਵਲੀ ਥਾਪਰ ਦੀ ਮਾਸੀ ਗੀਤਾ ਰਾਣੀ ਧੀਰ ਦਾ ਦੇਹਾਂਤ, ਸਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।