ਲੁਹਾਰਾ ਪੁਲ 'ਤੇ ਨਹਿਰ ਦੀ ਇਕ ਸਾਈਡ ਟਰੈਫ਼ਿਕ ਬੰਦ ਹੋਣ ਨਾਲ ਲੋਕ ਹੋ ਰਹੇ ਨੇ ਖੱਜਲ ਖੁਆਰ <br/>
ਅਜੀਤ ਡੈਸਕ
31-03-2026
ਡਾਬਾ/ਲੁਹਾਰਾ, 30 ਮਾਰਚ-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਨਹਿਰ ਪੁਲ ਲੁਹਾਰਾ ਦੀ ਚੌੜਾਈ ਘੱਟ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੁਲ ਦੀ ਚੌੜਾਈ ਵਧਾਉਣ ਲਈ ਨਵਾਂ ਪੁਲ ਉਸਾਰੀ ਅਧੀਨ ਹੈ | ਬੀਤੇ ਲਗਭਗ ਇਕ ਸਾਲ ਤੋਂ ਨਵੇਂ ਪੁਲ ਦੀ ਉਸਾਰੀ ਦਾ ਕੰਮ ਚੱਲਦਾ/ਰੁਕਦਾ ਹੋਣ ਕਾਰਨ ਨਹਿਰ ਕਿਨਾਰੇ ਸ਼ਿਮਲਾਪੁਰੀ ਵਾਲੀ ਸਾਈਡ ਤੋਂ ਆਉਣ ਵਾਲੇ ਟਰੈਫ਼ਿਕ ਨੂੰ ਬੰਦ ਕੀਤਾ ਹੋਇਆ ਹੈ, ਜਿਸ ਦੇ ਚੱਲਦੇ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਦਿਆਂ ਮਹਿੰਗੇ ਭਾਅ ਦਾ ਪੈਟਰੋਲ ਫੂਕ ਕੇ ਲੰਬਾ ਰਸਤਾ ਤੈਅ ਕਰਨਾ ਪੈ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪੁਲ ਦੀ ਉਸਾਰੀ ਦਾ ਕੰਮ ਚੱਲਦਾ ਹੋਣ ਕਰਕੇ ਇਕ ਹੱਦ ਤੱਕ ਟਰੈਫ਼ਿਕ ਬੰਦ ਕਰਨੀ ਤਾਂ ਸਮਝਿਆ ਜਾ ਸਕਦਾ ਹੈ, ਪਰ ਪਿਛਲੇ ਲੰਬੇ ਸਮੇਂ ਤੋਂ ਨਹਿਰ ਕਿਨਾਰੇ ਵਾਲੀ ਸੜਕ ਨੂੰ ਰੋਕਾਂ ਲਗਾ ਕੇ ਪੱਕਾ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਕੋਈ ਵੀ ਸਾਈਕਲ, ਸਕੂਟਰ, ਮੋਟਰਸਾਈਕਲ ਵਾਲਾ ਇਸ ਰਸਤੇ ਤੋਂ ਨਹੀਂ ਲੰਘ ਸਕਦਾ | ਜ਼ਿਕਰਯੋਗ ਹੈ ਕਿ ਉਕਤ ਰਸਤੇ ਤੋਂ ਸਵੇਰੇ ਸ਼ਾਮ ਫ਼ੈਕਟਰੀਆਂ ਨੂੰ ਜਾਣ ਵਾਲੀ ਲੇਬਰ ਵੱਡੀ ਗਿਣਤੀ ਵਿਚ ਲੰਘਦੀ ਹੈ, ਜਿਸ ਨੂੰ ਈਸ਼ਰ ਨਗਰ ਨਹਿਰ ਪੁਲ ਪਾਰ ਕਰਕੇ ਜਾਣਾ ਪੈਂਦਾ ਹੈ, ਜਿਸ ਨਾਲ ਲੇਬਰ ਦੇ ਟਾਈਮ ਦੀ ਬਰਬਾਦੀ ਹੁੰਦੀ ਹੈ ਅਤੇ ਲੇਬਰ ਨੂੰ ਆਪਣੇ ਕੰਮਾਂ ਕਾਰਾਂ 'ਤੇ ਪਹੁੰਚਣ ਵਿਚ ਅਕਸਰ ਹੀ ਦੇਰੀ ਹੋ ਜਾਂਦੀ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਲੁਹਾਰਾ ਅਤੇ ਈਸ਼ਰ ਨਗਰ ਪੁਲ ਇਕੋ ਟਾਈਮ 'ਤੇ ਬਣਨੇ ਸ਼ੁਰੂ ਹੋਏ ਸਨ, ਜਦਕਿ ਈਸ਼ਰ ਨਗਰ ਦਾ ਪੁਲ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲੁਹਾਰਾ ਨਹਿਰ ਪੁਲ 'ਤੇ ਅਕਸਰ ਹੀ ਕੰਮਕਾਰ ਬੰਦ ਰਹਿੰਦਾ ਹੈ, ਜਿਸ ਕਾਰਨ ਪੁਲ 50 ਫ਼ੀਸਦੀ ਵੀ ਮੁਕੰਮਲ ਨਹੀਂ ਹੋ ਸਕਿਆ | ਲੋਕਾਂ ਨੇ ਮੰਗ ਕੀਤੀ ਕਿ ਪੁਲ ਦੇ ਨਿਰਮਾਣ ਕੰਮ ਵਿਚ ਤੇਜ਼ੀ ਲਿਆ ਕੇ ਪੁਲ ਨੂੰ ਜਲਦੀ ਮੁਕੰਮਲ ਕੀਤਾ ਜਾਵੇ | ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਸ਼ਿਮਲਾਪੁਰੀ ਵਾਲੀ ਸਾਈਡ ਤੋਂ ਨਹਿਰ ਵਾਲੇ ਰਸਤੇ ਨੂੰ ਖੋਲਿ੍ਹਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਵਿਚ ਪਹੁੰਚਣ 'ਤੇ ਆਸਾਨੀ ਹੋ ਸਕੇ |
ਕੀ ਕਹਿਣਾ ਹੈ ਇਲਾਕਾ ਕੌਂਸਲਰ ਸਤਪਾਲ ਸਿੰਘ ਲੁਹਾਰਾ ਦਾ
ਇਸ ਸਬੰਧੀ ਜਦੋਂ ਇਲਾਕਾ ਕੌਂਸਲਰ ਸਤਪਾਲ ਸਿੰਘ ਲੁਹਾਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਪੁਲ ਦਾ ਕੰਮ ਲੇਟ ਚੱਲ ਰਿਹਾ ਹੈ | ਉਨ੍ਹਾਂ ਦਾ ਧਿਆਨ ਜਦ ਲੋਕਾਂ ਦੀ ਪਰੇਸ਼ਾਨੀ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਨਗਰ ਨਿਗਮ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਅਤੇ ਐਕਸੀਅਨ ਸਮੇਤ ਠੇਕੇਦਾਰ ਨਾਲ ਗੱਲ ਕਰਕੇ ਰਸਤੇ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਕਰਨਗੇ |