ਲੁਧਿਆਣਾ, 26 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਇਲਾਕੇ 'ਚ ਲੜਕੀ ਨਾਲ ਛੇੜਖ਼ਾਨੀ ਕਰਨ ਤੋਂ ਰੋਕਣ 'ਤੇ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਲੜਕੀ ਦੇ ਪਿਤਾ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ | ਪੁਲਿਸ ਵਲੋਂ ਇਸ ਮਾਮਲੇ ਵਿਚ ਗੋਪਾਲ ਨਗਰ ਦੇ ਰਹਿਣ ਵਾਲੇ ਬਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਸ਼ਾਨ ਸਿੰਘ ਉਰਫ਼ ਬਿਰਲਾ, ਗੁਲਾਬ ਸਿੰਘ, ਅਤਰ ਸਿੰਘ, ਅੰਸ਼, ਵੰਸ਼ ਅਤੇ ਜਤਿਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ.ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਕਥਿਤ ਦੋਸ਼ੀ ਉਸਦੇ ਘਰ ਦੇ ਸਾਹਮਣੇ ਰਹਿੰਦੇ ਹਨ ਅਤੇ ਅਕਸਰ ਹੀ ਲੜਕੀ ਦਾ ਪਿੱਛਾ ਕਰਦੇ ਸਨ ਅਤੇ ਉਸ ਨਾਲ ਛੇੜਖ਼ਾਨੀ ਕਰਦੇ ਸਨ | ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਇਹਨਾਂ ਕਥਿਤ ਦੋਸ਼ੀਆਂ ਨੇ ਮਿਲ ਕੇ ਉਸਦੇ ਘਰ 'ਤੇ ਹਮਲਾ ਕਰ ਦਿੱਤਾ | ਕਥਿਤ ਦੋਸ਼ੀਆਂ ਵਲੋਂ ਕੀਤੇ ਹਮਲੇ ਵਿਚ ਉਹ ਤੇ ਉਸਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸੇ ਜਾਂਦੇ ਹਨ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |