21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੱਟੀ-ਤਰਨ ਤਾਰਨ ਸੜਕ ਦੀ ਮੁਰੰਮਤ ਕੱਛੂ ਦੀ ਚਾਲ, ਲੋਕਾਂ ਦਾ ਸਬਰ ਜਵਾਬ ਦੇਣ ਲੱਗਾ

ਪੱਟੀ, 20 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ )–ਪੱਟੀ ਤੋਂ ਤਰਨ ਤਾਰਨ ਅਤੇ ਅੰਮ੍ਰਿਤਸਰ ਨੂੰ ਜੋੜਨ ਵਾਲੀ ਕਰੀਬ 25 ਕਿਲੋਮੀਟਰ ਲੰਬੀ ਅਹਿਮ ਸੜਕ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਹੀ ਹੈ। ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 21-09-2026
ਪੱਟੀ, 20 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ )–ਪੱਟੀ ਤੋਂ ਤਰਨ ਤਾਰਨ ਅਤੇ ਅੰਮ੍ਰਿਤਸਰ ਨੂੰ ਜੋੜਨ ਵਾਲੀ ਕਰੀਬ 25 ਕਿਲੋਮੀਟਰ ਲੰਬੀ ਅਹਿਮ ਸੜਕ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਹੀ ਹੈ। ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਜਿਸ 25 ਕਿਲੋਮੀਟਰ ਦਾ ਸਫ਼ਰ ਆਮ ਤੌਰ ’ਤੇ 25 ਤੋਂ 30 ਮਿੰਟਾਂ ਵਿਚ ਤੈਅ ਹੋ ਜਾਣਾ ਚਾਹੀਦਾ ਹੈ, ਉਸ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਕਈ ਵਾਰ ਦੋ ਘੰਟਿਆਂ ਤੱਕ ਦਾ ਸਮਾਂ ਲੱਗ ਰਿਹਾ ਹੈ। ਇਸਦੇ ਬਾਵਜੂਦ ਸੜਕ ਦੀ ਮੁਰੰਮਤ ਦਾ ਕੰਮ ਜਿਸ ਰਫ਼ਤਾਰ ਨਾਲ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਲੋਕਾਂ ਵਿੱਚ ਸਰਕਾਰ ਅਤੇ ਸਬੰਧਤ ਵਿਭਾਗ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਇਸ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਐਲਾਨ ਕੀਤੇ ਗਏ ਅਤੇ ਉਦਘਾਟਨ ਰੱਖੇ ਗਏ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸੜਕ ਦੀ ਹਾਲਤ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਹੁਣ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰ ਇਹ ਕੰਮ ਵੀ ਕੱਛੂਆ ਚਾਲ ਨਾਲ ਚੱਲ ਰਿਹਾ ਹੈ। ਕਈ ਥਾਵਾਂ ਤੋਂ ਸੜਕ ਪੁੱਟ ਕੇ ਉਸ ਵਿਚ ਬਜਰੀ, ਮਿੱਟੀ ਅਤੇ ਗੀਟਾ ਪਾਇਆ ਜਾ ਰਿਹਾ ਹੈ, ਜਦਕਿ ਕਈ ਥਾਵਾਂ ’ਤੇ ਕੰਮ ਅਧੂਰਾ ਛੱਡਿਆ ਹੋਇਆ ਹੈ। ਇਸ ਕਾਰਨ ਸੜਕ ਪਹਿਲਾਂ ਨਾਲੋਂ ਵੀ ਵਧੇਰੇ ਮੁਸ਼ਕਿਲਾਂ ਵਾਲੀ ਬਣ ਗਈ ਹੈ। ਸੜਕ ‘ਤੇ ਡੂੰਘੇ ਟੋਏ, ਉਖੜੀ ਹੋਈ ਪਰਤ, ਥਾਂ-ਥਾਂ ਪਈ ਨਿਰਮਾਣ ਸਮੱਗਰੀ ਅਤੇ ਅਧੂਰੇ ਕੰਮ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਰਾਤ ਸਮੇਂ ਹਾਲਾਤ ਹੋਰ ਵੀ ਖ਼ਤਰਨਾਕ ਬਣ ਜਾਂਦੇ ਹਨ। ਮੋਟਰਸਾਈਕਲ ਸਵਾਰਾਂ ਤੋਂ ਲੈ ਕੇ ਕਾਰਾਂ, ਆਟੋ, ਬੱਸਾਂ ਅਤੇ ਹੋਰ ਵਾਹਨਾਂ ਤੱਕ ਹਰ ਵਰਗ ਦੇ ਲੋਕ ਇਸ ਸੜਕ ਦੀ ਮਾੜੀ ਹਾਲਤ ਦਾ ਸੰਤਾਪ ਹੰਢਾ ਰਹੇ ਹਨ। ਸੜਕ ਦੇ ਟੋਇਆਂ ਅਤੇ ਉਖੜੀ ਪਰਤ ਕਾਰਨ ਵਾਹਨਾਂ ਦੇ ਟਾਇਰਾਂ, ਸਸਪੈਂਸ਼ਨ ਅਤੇ ਹੋਰ ਪੁਰਜ਼ਿਆਂ ਨੂੰ ਨੁਕਸਾਨ ਹੋਣ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਲਾਕਾ ਵਾਸੀਆਂ ਅਨੁਸਾਰ ਸੜਕ ਦੀ ਮਾੜੀ ਹਾਲਤ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ ਹੈ। ਇਸਦੇ ਬਾਵਜੂਦ ਸੜਕ ਦੀ ਮੁਰੰਮਤ ਦਾ ਕੰਮ ਤੇਜ਼ ਕਰਨ ਦੀ ਬਜਾਏ ਇਸ ਨੂੰ ਲੰਬਾ ਖਿੱਚਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਅਤੇ ਠੇਕੇਦਾਰ ਨੇ ਕੰਮ ਕਰਨਾ ਹੀ ਸੀ ਤਾਂ ਸੜਕ ਨੂੰ ਇਸ ਤਰ੍ਹਾਂ ਲੰਮੇ ਸਮੇਂ ਲਈ ਪੁੱਟ ਕੇ ਰਾਹਗੀਰਾਂ ਲਈ ਹੋਰ ਮੁਸੀਬਤ ਪੈਦਾ ਕਰਨ ਦੀ ਬਜਾਏ ਕੰਮ ਨੂੰ ਯੋਜਨਾਬੱਧ ਢੰਗ ਨਾਲ ਤੇਜ਼ੀ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਸੀ। ਸੜਕ ਦੀ ਮੁਰੰਮਤ ਵਿੱਚ ਹੋ ਰਹੀ ਦੇਰੀ ਸਬੰਧੀ ਜਦੋਂ ਪੀ.ਡਬਲਿਊ.ਡੀ. ਦੇ ਐਕਸੀਅਨ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਠਾਨਕੋਟ ਵਿਚ ਮਾਈਨਿੰਗ ਬੰਦ ਹੋਣ ਕਾਰਨ ਸੜਕ ਨਿਰਮਾਣ ਲਈ ਲੋੜੀਂਦੀ ਸਮੱਗਰੀ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਕੰਮ ਨੂੰ ਸਮਾਂ ਲੱਗ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕ ਦਾ ਕੰਮ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ ਪਰ ਲੋਕਾਂ ਦਾ ਸਵਾਲ ਹੈ ਕਿ ਜੇਕਰ ਨਿਰਮਾਣ ਸਮੱਗਰੀ ਦੀ ਸਮੱਸਿਆ ਹੈ ਤਾਂ ਸਬੰਧਤ ਵਿਭਾਗ ਵਲੋਂ ਇਸ ਦਾ ਕੋਈ ਬਦਲਵਾਂ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਅਧੂਰੀ ਸੜਕ ਕਾਰਨ ਰੋਜ਼ਾਨਾ ਲੋਕਾਂ ਦਾ ਸਮਾਂ, ਪੈਸਾ ਅਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਾਲੇ ਪਰਿਵਾਰ, ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀ, ਸਰਕਾਰੀ ਮੁਲਾਜ਼ਮ, ਵਪਾਰੀ ਅਤੇ ਰੋਜ਼ਾਨਾ ਤਰਨ ਤਾਰਨ ਜਾਂ ਅੰਮ੍ਰਿਤਸਰ ਆਉਣ-ਜਾਣ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਪੱਟੀ ਤੋਂ ਤਰਨ ਤਾਰਨ ਨੂੰ ਜੋੜਨ ਵਾਲੀ ਇਹ ਅਹਿਮ ਸੜਕ ਲੰਮੇ ਸਮੇਂ ਤੋਂ ਆਪਣੀ ਬਦਹਾਲੀ ਦੀ ਕਹਾਣੀ ਖੁਦ ਬਿਆਨ ਕਰ ਰਹੀ ਹੈ। ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਆਸ ਸੀ ਕਿ ਹੁਣ ਉਨ੍ਹਾਂ ਦੀ ਮੁਸ਼ਕਿਲ ਖ਼ਤਮ ਹੋਵੇਗੀ, ਪਰ ਕੰਮ ਦੀ ਹੌਲੀ ਰਫ਼ਤਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਲੋਕਾਂ ਨੇ ਪੰਜਾਬ ਸਰਕਾਰ, ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਕੰਮ ਦੀ ਤੁਰੰਤ ਸਮੀਖਿਆ ਕਰਵਾਈ ਜਾਵੇ, ਠੇਕੇਦਾਰ ਨੂੰ ਕੰਮ ਵਿਚ ਤੇਜ਼ੀ ਲਿਆਉਣ ਲਈ ਪਾਬੰਦ ਕੀਤਾ ਜਾਵੇ ਅਤੇ ਨਿਰਮਾਣ ਕਾਰਜ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਵਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸੜਕ ਸਿਰਫ਼ ਆਵਾਜਾਈ ਦਾ ਸਾਧਨ ਨਹੀਂ, ਸਗੋਂ ਪੱਟੀ ਇਲਾਕੇ ਨੂੰ ਤਰਨ ਤਾਰਨ ਅਤੇ ਅੰਮ੍ਰਿਤਸਰ ਨਾਲ ਜੋੜਨ ਵਾਲੀ ਇਕ ਮਹੱਤਵਪੂਰਨ ਜੀਵਨ ਰੇਖਾ ਹੈ। ਇਸ ਲਈ ਇਸਦੀ ਬਦਹਾਲੀ ਨੂੰ ਹੋਰ ਲੰਮਾ ਖਿੱਚਣਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾਉਣ ਦੇ ਬਰਾਬਰ ਹੋਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਪੰਜਾਬ ਅਥਲੇਟਿਕਸ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਝਬਾਲ ਵਿਖੇ ਹੋਈ ਪੰਜਾਬ ਬਚਾਓ ਰੈਲੀ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ - ਕੰਚਨਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।