ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਵਲੋਂ ਰੇਲਵੇ ਸਟੇਸ਼ਨ ਤਰਨ ਤਾਰਨ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਰੇਲਵੇ ਲਾਈਨਾਂ, ਰੇਲ ਗੱਡੀਆਂ ਅਤੇ ਹੋਰ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਸਮਾਨ ਨੂੰ ਚੈਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ 15 ਅਗਸਤ ਆਜ਼ਾਦੀ ਦਿਵਸ ਨੂੰ ਲੈ ਕੇ ਤਰਨ ਤਾਰਨ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਜਨਤਕ ਥਾਵਾਂ ਜਿਵੇਂ ਬੱਸ ਅੱਡੇ, ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਸਥਾਨਾਂ ਉਪਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਤਰਨ ਤਾਰਨ ਪੁਲਿਸ ਵਲੋਂ ਰੇਲਵੇ ਸਟੇਸ਼ਨ ਤਰਨ ਤਾਰਨ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਟੀਮ ਵਲੋਂ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਦੇ ਸਮਾਨ ਤੋਂ ਇਲਾਵਾ ਮਾਲ ਗੱਡੀਆਂ ਵਿਚ ਲੋਡਿੰਗ ਹੋ ਕੇ ਆ ਰਹੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਉਥੇ ਰੇਲਵੇ ਲਾਈਨਾ ਅਤੇ ਆਸ-ਪਾਸ ਜਗ੍ਹਾ ਉਪਰ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਸ਼ੱਕੀ ਵਸਤੂ ਪਾਈ ਜਾਣ ’ਤੇ ਤੁਰੰਤ ਉਸ ਨੂੰ ਉਥੋਂ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ ਗੱਡੀਆਂ ਦੇ ਡੱਬਿਆਂ ਵਿਚ ਟੀਮ ਵਲੋਂ ਜਾ ਕੇ ਬੜੀ ਬਾਰੀਕੀ ਨਾਲ ਜਾਂਚ ਕਰਨ ਤੋਂ ਇਲਾਵਾ ਰੇਲਵੇ ਸਟੇਸ਼ਨਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਆਦਿ ਵੀ ਚੈੱਕ ਕੀਤੇ ਗਏ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਉਹ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦੇਖਦੇ ਹਨ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦਿਆਂ ਕਾਰਵਾਈ ਕੀਤੀ ਜਾਵੇ।