13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਰੀਕੇ ਵੈਟਲੈਂਡ ਵਿਖੇ ਸਕੂਲੀ ਵਿਦਿਆਰਥੀਆਂ ਲਈ ਘੜਿਆਲ ਸੰਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ <br/>

ਅਜੀਤ ਡੈਸਕ 18-04-2026
ਹਰੀਕੇ ਪੱਤਣ, 17 ਅਪ੍ਰੈਲ (ਸੰਜੀਵ ਕੁੰਦਰਾ)-ਜੰਗਲੀ ਜੀਵ ਮੰਡਲ ਫਿਰੋਜ਼ਪੁਰ ਵਲੋਂ ਵਿਸ਼ਵ ਵਾਈਡ ਫੰਡ ਫਾਰ ਨੇਚਰ ਅਤੇ 'ਵੀਰਵਨਮ ਫਾਊਾਡੇਸ਼ਨ' ਦੇ ਸਹਿਯੋਗ ਨਾਲ ਹਰੀਕੇ ਵੈਟਲੈਂਡ ਵਿਖੇ ਸਕੂਲੀ ਵਿਦਿਆਰਥੀਆਂ ਲਈ ਇਕ ਘੜਿਆਲ ਸੰਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਉਪਰਾਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਬਿਆਸ ਦਰਿਆ ਦੇ ਵਾਤਾਵਰਣ ਅਤੇ ਖਾਸ ਕਰਕੇ 'ਘੜਿਆਲ' ਪ੍ਰਜਾਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਘੜਿਆਲ ਸਾਡੇ ਦਰਿਆਈ ਤੰਤਰ ਦੀ ਸਿਹਤ ਦੇ ਅਹਿਮ ਸੂਚਕ ਹਨ ਅਤੇ ਇਨ੍ਹਾਂ ਦੀ ਮੌਜੂਦਗੀ ਪਾਣੀ ਦੇ ਸ਼ੁੱਧ ਹੋਣ ਦਾ ਪ੍ਰਤੀਕ ਹੈ | ਇਸ ਮੁਹਿੰਮ ਵਿਚ ਤਿੰਨ ਵੱਖ-ਵੱਖ ਸਕੂਲਾਂ ਦੇ ਲਗਪਗ 100 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਵਿਦਿਆਰਥੀਆਂ ਨੂੰ ਕੁਦਰਤ ਦੇ ਹੋਰ ਨੇੜੇ ਲਿਆਉਣ ਲਈ ਦਰਿਆ ਦੇ ਕੰਢੇ ਇੱਕ 'ਨੇਚਰ ਵਾਕ' (ਕੁਦਰਤੀ ਸੈਰ) ਕਰਵਾਈ ਗਈ | ਇਸ ਦੌਰਾਨ ਵੀਰਵਨਮ ਫਾਊਾਡੇਸ਼ਨ ਦੇ ਵੀਰ ਥਿੰਦ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਵੈਟਲੈਂਡ ਦੀ ਜੈਵ-ਵਿਭਿੰਨਤਾ ਅਤੇ ਇੱਥੋਂ ਦੇ ਵਾਤਾਵਰਣ ਬਾਰੇ ਅਹਿਮ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਦਰਿਆਈ ਕੰਢੇ ਫੈਲੇ ਜੀਵ-ਜੰਤੂਆਂ ਅਤੇ ਪੰਛੀਆਂ ਨੂੰ ਉਨ੍ਹਾਂ ਦੇ ਕੁਦਰਤੀ ਰੈਣ-ਬਸੇਰੇ ਵਿਚ ਦੇਖਿਆ, ਜਿਸ ਨਾਲ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਨੁਭਵ ਵੀ ਪ੍ਰਾਪਤ ਹੋਇਆ | ਸਿੱਖਣ ਦੀ ਇਸ ਪ੍ਰਕਿਰਿਆ ਨੂੰ ਹੋਰ ਦਿਲਚਸਪ ਬਣਾਉਣ ਲਈ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ | ਪੋਸਟਰ ਮੇਕਿੰਗ ਰਾਹੀਂ ਬੱਚਿਆਂ ਨੇ ਘੜਿਆਲਾਂ ਅਤੇ ਦਰਿਆਵਾਂ ਨੂੰ ਬਚਾਉਣ ਲਈ ਆਪਣੀ ਕਲਾ ਰਾਹੀਂ ਸੁੰਦਰ ਸੁਨੇਹੇ ਦਿੱਤੇ, ਜਦਕਿ ਕੁਇੱਜ਼ ਵਿਚ ਵਾਤਾਵਰਣ ਸੰਬੰਧੀ ਸਵਾਲਾਂ ਰਾਹੀਂ ਬੱਚਿਆਂ ਦੀ ਜਾਣਕਾਰੀ ਨੂੰ ਪਰਖਿਆ ਗਿਆ | ਪ੍ਰੋਗਰਾਮ ਦੇ ਅੰਤ ਵਿਚ ਜੰਗਲੀ ਜੀਵ ਮੰਡਲ ਫਿਰੋਜ਼ਪੁਰ ਅਤੇ ਦੇ ਵਿਸ਼ਵ ਵਾਈਡ ਫੰਡ ਫਾਰ ਨੇਚਰ ਨੁੰਮਾਇੰਦਿਆਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਸਹੁੰ ਚੁਕਾਈ ਗਈ | ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਵੀ ਜਾਰੀ ਰਹਿਣਗੇ ਤਾਂ ਜੋ ਸਮਾਜ ਵਿੱਚ ਜੰਗਲੀ ਜੀਵਾਂ ਪ੍ਰਤੀ ਹਮਦਰਦੀ ਪੈਦਾ ਕੀਤੀ ਜਾ ਸਕੇ |

ਪਿਛਲੀ ਖ਼ਬਰ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਲਾਅ ਦਾਖ਼ਲੇ ਕਰਵਾਉਣ ਦੀ ਜ... ਅਗਲੀ ਖ਼ਬਰ ਗੁਰੂ ਅਮਰਦਾਸ ਸੀਨੀ. ਸੈਕੰ. ਸਕੂਲ ਭਲਾਈਪੁਰ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।