ਤਰਨ ਤਾਰਨ, 31 ਮਾਰਚ (ਹਰਿੰਦਰ ਸਿੰਘ)-ਬਾਈਪਾਸ ਨਜ਼ਦੀਕ ਪਿੰਡ ਕੱਕਾ ਕੰਡਿਆਲਾ ਰੇਲਵੇ ਫਾਟਕ ਉਪਰ ਫਲਾਈਓਵਰ ਦੀ ਉਸਾਰੀ ਹੋਣ ਕਰਕੇ ਅੰਮਿ੍ਤਸਰ ਤਰਨ ਤਾਰਨ ਸ਼ਹਿਰ ਦੇ ਬੋਹੜੀ ਚੌਕ ਦੇ ਚਾਰ ਚੁਫੇਰੇ ਆਵਾਜਾਈ ਦਾ ਘੜਮੱਸ ਪੈ ਗਿਆ ਹੈ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਰੇਲਵੇ ਪੁਲ ਦੀ ਉਸਾਰੀ ਤੋਂ ਪਹਿਲਾਂ ਹਾਈਵੇਅ ਮਾਥਾਰਟੀ ਵਲੋਂ ਸਰਵਿਸ ਲਾਈਨ ਕਿਉ ਨਹੀਂ ਬਣਾਈ ਅਤੇ ਦੂਜਾ ਕਾਰਨ ਜੰਡਿਆਲਾ ਰੋਡ ਰੇਲਵੇ ਫਾਟਕ ਦਿਨ ਵਿਚ ਕਈ ਵਾਰ ਬੰਦ ਹੋਣ ਕਾਰਨ ਜਾਮ ਬਹੁਤ ਵੱਡਾ ਲੱਗ ਜਾਂਦਾ ਹੈ, ਜਿਸ ਕਾਰਨ ਕਈ ਲੋਕ ਆਪਣੀ ਡਿਊਟੀ ਤੋਂ ਵੀ ਲੇਟ ਹੋ ਜਾਦੇ ਹਨ | ਇਹ ਪ੍ਰਗਟਾਵਾ ਕਰਦਿਆਂ ਸੀ.ਪੀ.ਆਈ.ਐਮ. ਸੈਕਟਰੀ ਕਾ. ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਬੇਸ਼ੱਕ ਬੋਹੜੀ ਚੌਕ ਦੇ ਆਸ-ਪਾਸ ਟ੍ਰੈਫਿਕ ਪੁਲਿਸ ਦੇ ਜਵਾਨ ਸਾਰਾ ਦਿਨ ਤਾਇਨਾਤ ਰਹਿੰਦੇ ਹਨ, ਜਿਹੜੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਤਾਂ ਕਰਦੇ ਹਨ, ਪਰ ਜੇਕਰ ਕੋਈ ਗਾਹਕ ਆਪਣਾ ਵਾਹਨ ਖੜ੍ਹਾ ਕਰਕੇ ਦੁਕਾਨ ਤੋਂ ਦੋ ਚਾਰ ਮਿੰਟ ਲਈ ਸੌਦਾ ਖਰੀਦਣ ਜਾਂਦਾ ਹੈ, ਤਾਂ ਉਸ ਦਾ ਫੋਟੋ ਖਿੱਚ ਕੇ ਚਲਾਨ ਕਰ ਦਿੰਦੇ ਹਨ | ਕਾ. ਹੀਰਾ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਇਹ ਦੱਸੇ ਕਿ ਉਹ ਆਪਣੇ ਵਹੀਕਲ ਕਿੱਥੇ ਰੋਕਣ, ਕਿੱਥੇ ਖੜ੍ਹੇ ਕਰਨ, ਜਦਕਿ ਐਸ.ਪੀ. ਟ੍ਰੈਫਿਕ ਅਤੇ ਨਗਰ ਕੌਂਸਲ ਤਰਨ ਤਾਰਨ ਨੇ ਹਾਈਕੋਰਟ ਵਿਚ ਲਿਖਤੀ ਬਿਆਨ ਕੁਝ ਸਾਲ ਪਹਿਲਾਂ ਦਿੱਤਾ ਸੀ ਕਿ ਪੁਰਾਣਾ ਬੱਸ ਅੱਡਾ ਪਾਲਕਾ ਬਾਜ਼ਾਰ ਤਰਨ ਤਾਰਨ ਅਤੇ ਨਗਰ ਕੌਂਸਲ ਤਰਨ ਤਾਰਨ ਲੋਕਾਂ ਦੇ ਵਾਹਨ ਖੜ੍ਹੇ ਕਰਨ ਦੀ ਜਗ੍ਹਾ ਹੈ | ਉਨ੍ਹਾਂ ਕਿਹਾ ਕਿ ਬੈਂਕ ਜਾਂ ਹੋਰ ਇਮਾਰਤਾਂ ਦੇ ਨਕਸ਼ੇ ਕੀ ਪਾਰਕਿੰਗ ਦੀ ਜਗ੍ਹਾ ਵੇਖਣ ਤੋਂ ਬਗੈਰ ਕਿਵੇਂ ਪਾਸ ਕੀਤੇ ਗਏ | ਉਧਰ ਨਗਰ ਕੌਂਸਲ ਕਹਿੰਦੀ ਹੈ ਕਿ ਇਹ ਨਕਸ਼ੇ 1997 ਤੋਂ ਪਹਿਲਾਂ ਦੇ ਪਾਸ ਹਨ, ਜਦਕਿ ਸੱਚਾਈ ਇਹ ਹੈ ਕਿ ਇਕ ਬੈਂਕ ਨੂੰ ਛੱਡ ਕੇ ਬਾਕੀ ਇਮਾਰਤਾਂ 1997 ਤੋਂ ਬਾਅਦ ਬਣੀਆਂ ਹਨ | ਉਨ੍ਹਾਂ ਦੋਸ਼ ਲਾਇਆ ਜਿੱਥੇ ਟ੍ਰੈਫਿਕ ਪੁਲਿਸ ਦਾ ਦਫ਼ਤਰ (ਪੁਰਾਣਾ ਬੱਸ ਅੱਡਾ) ਹੈ, ਉਸ ਦਫ਼ਤਰ 'ਚੋਂ ਸਾਰਾ ਦਿਨ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਆਉਂਦੇ ਜਾਂਦੇ ਹਨ ਅਤੇ ਬੱਸ ਅੱਡੇ ਦੇ ਗੇਟ (ਪੁਰਾਣਾ ਬੱਸ ਅੱਡਾ) ਦੇ ਬਾਹਰ ਇਕ ਵਿਅਕਤੀ ਨੇ ਸੜਕ ਤੋਂ ਵੀ ਅੱਗੇ ਪੀਲੀ ਲਕੀਰ ਤੱਕ ਜਗ੍ਹਾ ਮੱਲੀ ਹੋਈ ਹੈ, ਉਸ ਦਾ ਅਤੇ ਕੁਝ ਖਾਸ ਦੁਕਾਨਦਾਰਾਂ ਦੇ ਅੱਗੇ ਖੜ੍ਹੀਆਂ ਗੱਡੀਆਂ ਦਾ ਚਲਾਣ ਕਿਉਂ ਨਹੀਂ ਕੱਟਿਆ ਜਾਂਦਾ ਹੈ, ਇਹ ਜਵਾਬ ਤਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਹੀ ਦੇ ਸਕਦੇ ਹਨ |