ਹਰੀਕੇ ਪੱਤਣ, 30 ਮਾਰਚ (ਸੰਜੀਵ ਕੁੰਦਰਾ)-ਮਾਝੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਅਤੇ ਹਰੀਕੇ ਝੀਲ ਦੇ ਕਾਰਨ ਵਿਸ਼ਵ ਦੇ ਨਕਸ਼ੇ 'ਤੇ ਅਹਿਮ ਸਥਾਨ ਰੱਖਦੇ ਕਸਬਾ ਹਰੀਕੇ ਪੱਤਣ ਨੂੰ ਸਾਫ਼ ਸੁਥਰਾ ਰੱਖਣ ਲਈ ਹਰੀਕੇ ਪੱਤਣ ਪੰਚਾਇਤ ਵਲੋਂ ਉਪਰਾਲਾ ਕਰਦਿਆਂ ਸੁੱਕਾ ਤੇ ਗਿੱਲਾ ਕੂੜਾ ਚੁੱਕਣ ਲਈ 6 ਰੇਹੜੀਆਂ ਤਿਆਰ ਕਰਵਾ ਕੇ ਕੂੜਾ ਕਰਕਟ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਕਸਬਾ ਹਰੀਕੇ ਵਿਚ ਲੋਕਾਂ ਨੂੰ ਕੂੜਾ ਕਰਕਟ ਸੁੱਟਣ ਦੀ ਬਹੁਤ ਵੱਡੀ ਸਮੱਸਿਆ ਸੀ, ਜਿਸ ਦੇ ਹੱਲ ਲਈ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸਾਂ ਨਿਰਦੇਸ਼ਾਂ 'ਤੇ ਜਲ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਠੋਸ ਕੂੜਾ ਕਰਕਟ ਪ੍ਰਬੰਧਨ ਪ੍ਰੋਜੈਕਟ ਪਹਿਲਾਂ ਬਣਾਇਆ ਗਿਆ ਹੈ ਤੇ ਅੱਜ ਗਿੱਲੇ ਤੇ ਸੁੱਕੇ ਕੂੜੇ ਲਈ ਵਾਰਡਾਂ ਦੇ ਲਈ 6 ਰੇਹੜੀਆਂ ਤਿਆਰ ਕਰਵਾਈਆਂ ਗਈਆਂ, ਜਿਸ ਨਾਲ ਕਰਮਚਾਰੀ ਵੱਖ-ਵੱਖ ਵਾਰਡਾਂ ਵਿਚ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਬਾਜ਼ਾਰ ਤੇ ਘਰਾਂ ਵਿਚੋਂ ਲੈ ਕੇ ਆਉਣਗੇ | ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਇਸ ਨਾਲ ਲੋਕਾਂ ਵਲੋਂ ਵੱਖ-ਵੱਖ ਜਗ੍ਹਾ 'ਤੇ ਸੁੱਟੀ ਜਾਂਦੀ ਗੰਦਗੀ ਤੋਂ ਵੀ ਨਿਜ਼ਾਤ ਮਿਲੇਗੀ ਤੇ ਸਾਡਾ ਸਹਿਰ ਵੀ ਸਾਫ਼ ਸੁਥਰਾ ਤੇ ਸੁੰਦਰ ਲੱਗੇਗਾ | ਉਨ੍ਹਾਂ ਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਨਗਰ ਵਿਚ ਕਿਤੇ ਵੀ ਕੂੜਾ ਨਾ ਸੁੱਟਣ ਤੇ ਸਿਰਫ਼ ਰੇਹੜੀਆਂ ਤੇ ਕੂੜਾ ਕਰਕਟ ਚੁਕਾਉਣ | ਇਸ ਮੌਕੇ ਸਰਪੰਚ ਇਕਬਾਲ ਸਿੰਘ ਸਿੱਧੂ, ਜੇ.ਈ. ਜਗਵੰਤ ਸਿੰਘ, ਅਮਰੀਕ ਸਿੰਘ ਪੰਚਾਇਤ ਮੈਂਬਰ, ਸੁਖਬੀਰ ਕੌਰ, ਜਸਬੀਰ ਕੌਰ, ਬਲਬੀਰ ਸਿੰਘ ਵਿਜੀਲੈਂਸ ਵਾਲੇ, ਭੁਪਿੰਦਰ ਸਿੰਘ ਕੱਪੜੇ ਵਾਲੇ, ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਪ੍ਰਗਟ ਸਿੰਘ, ਅੰਗਰੇਜ਼ ਸਿੰਘ, ਸਾਲੂ ਹਰੀਕੇ, ਅੰਗਰੇਜ਼ ਸਿੰਘ ਗਿੱਲ, ਨਿਸ਼ਾਨ ਸਿੰਘ ਗਿੱਲ, ਪਰਮਜੀਤ ਸਿੰਘ ਕਰੀਰ ਆਦਿ ਹਾਜ਼ਰ ਸਨ |