ਵਿਰੋਧੀ ਪਾਰਟੀਆਂ ਹੋਈਆਂ ਹਮਲਾਵਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਸਰਗਰਮੀਆਂ ਨਾਲ ਕੈਰੋਂ ਕੋਠੀ 'ਚ ਲੱਗੀਆਂ ਰੌਣਕਾਂ
• ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਤਿੱਖੇ ਸ਼ਬਦੀ ਹਮਲਿਆਂ ਨਾਲ ਸਿਆਸੀ ਮਾਹੌਲ ਗਰਮਾਇਆ • 'ਆਪ' ਵਲੋਂ 2017 ਵਿਚ ਚੋਣ ਲੜ ਚੁੱਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੀਆਂ ਸਰਗਰਮੀਆਂ ਨੇ ਚਰਚਾਵਾਂ ਛੇੜੀਆਂ
ਸੰਜੀਵ ਕੁੰਦਰਾ
ਹਰੀਕੇ ਪੱਤਣ, 30 ਮਾਰਚ-ਪੱਟੀ ਹਲਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤੇ ਜਾਣ ਦੇ ਦੋਸ਼ਾਂ ਹੇਠ ਗਿ੍ਫਤਾਰ ਹੋਣ ਤੋਂ ਬਾਅਦ ਵਿਧਾਨ ਸਭਾ ਹਲਕਾ ਪੱਟੀ 'ਚ ਸਿਆਸੀ ਸਮੀਕਰਨ ਬੜੀ ਤੇਜ਼ੀ ਨਾਲ ਬਦਲ ਰਹੇ ਹਨ | ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਲੱਗੇ ਦੋਸ਼ਾਂ ਤੋਂ ਤੁਰੰਤ ਬਾਅਦ ਹੀ ਪੱਟੀ ਹਲਕੇ ਦੀ ਸਿਆਸਤ 'ਚ ਭੁਚਾਲ ਆ ਗਿਆ, ਜਿੱਥੇ ਵਿਰੋਧੀ ਧਿਰਾਂ ਹਮਲਾਵਰ ਹੋ ਗਈਆਂ, ਉੱਥੇ ਪੱਟੀ ਹਲਕੇ ਤੋਂ 2017 ਵਿਚ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਚੁੱਕੇ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਬੜੀ ਸਰਗਰਮੀ ਨਾਲ ਹਾਜ਼ਰੀ ਲਵਾਈ | ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਪੱਟੀ ਹਲਕੇ ਦੀ ਸਿਆਸਤ ਵਿਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੋ ਕਿ ਪਹਿਲਾਂ ਹੀ ਹਲਕੇ ਵਿਚ ਕਾਫੀ ਸਰਗਰਮ ਰਹਿੰਦੇ ਹਨ, ਨੇ ਵੀ ਹੋਰ ਤੇਜ਼ੀ ਫੜ ਲਈ | ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਕਿ ਕਾਫੀ ਸਮੇਂ ਤੋਂ ਸ਼ਾਂਤ ਸਨ, ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਇਕਦਮ ਤੇਜ਼ ਕਰ ਦਿੱਤੀਆਂ, ਪਿਛਲੇ ਕੁਝ ਦਿਨਾਂ ਤੋਂ ਕੈਰੋਂ ਕੋਠੀ ਵਿਚ ਵੀ ਰੌਣਕਾਂ ਸ਼ੁਰੂ ਹੋ ਗਈਆਂ ਹਨ | ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ, ਪਰ 5 ਦਿਨ ਪਹਿਲਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਪੁੱਤਰ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਨਾਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਇਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ | ਬੇਸ਼ਕ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਕਿ ਕਾਫੀ ਸਮੇਂ ਤੋਂ ਸਿਆਸੀ ਪਿੜ ਵਿਚ ਸ਼ਾਂਤ ਸਨ, ਪਰ ਮਿਸ਼ਨ 2027 ਨੂੰ ਲੈ ਕੇ ਹੁਣ ਦੁਬਾਰਾ ਪੂਰੀ ਸਰਗਰਮੀ ਨਾਲ ਜੁਟ ਗਏ ਹਨ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ 'ਚ ਹਰ ਰੋਜ਼ ਉਨ੍ਹਾਂ ਕੋਲ ਕੈਰੋਂ ਕੋਠੀ ਪੁੱਜ ਰਹੇ ਹਨ | ਬੇਸ਼ੱਕ ਮਿਸ਼ਨ 2027 'ਚ ਲਗਪਗ 10 ਮਹੀਨੇ ਬਚੇ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਨੂੰ ਲੈ ਕੇ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ, ਪਰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਹਲਕਾ ਪੱਟੀ ਦੀ ਸਿਆਸਤ ਵਿਚ ਆਏ ਤੂਫ਼ਾਨ ਨੇ ਕਈ ਤਰ੍ਹਾਂ ਦੀ ਚਰਚਾਵਾਂ ਛੇੜ ਦਿੱਤੀਆਂ ਹਨ, ਪ੍ਰੰਤੂ ਬਹੁਤ ਕੁਝ ਭਵਿੱਖ ਦੀ ਬੁੱਕਲ ਵਿਚ ਹੈ |
ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਪੱਟੀ ਹਲਕੇ ਦੀ ਸਿਆਸਤ ਭਖੀ
ਜਿੱਥੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਵਿਰੋਧੀ ਧਿਰਾਂ ਪੂਰੀ ਤਰ੍ਹਾਂ ਹਲਕੇ ਵਿਚ ਆਪਣੀ ਪਕੜ ਮਜ਼ਬੂਤ ਕਰਨ ਲਈ ਦਿਨ ਰਾਤ ਲੱਗੀਆਂ ਹੋਈਆਂ ਹਨ, ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਚੀਮਾ ਆਪਣੀ ਹਾਜ਼ਰੀ ਪੂਰੇ ਜ਼ੋਰ-ਸ਼ੋਰ ਨਾਲ ਦਰਜ ਕਰਵਾ ਰਹੇ ਹਨ | ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਹਲਕੇ ਦੇ ਪੰਚ, ਸਰਪੰਚ ਅਤੇ ਸਮਰਥਕ ਪੱਟੀ ਵਿਖੇ ਲਾਲਜੀਤ ਸਿੰਘ ਭੁੱਲਰ ਦੇ ਗ੍ਰਹਿ ਅਤੇ ਕਚਹਿਰੀ ਵਿਚ ਪੇਸ਼ੀ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਉਨ੍ਹਾਂ ਦੇ ਨਾਲ ਖੜਨ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਵਲੋਂ ਵੀ ਦਫ਼ਤਰ ਵਿਚ ਹਾਜ਼ਰ ਹੋ ਕੇ
31-03-2026