ਤਰਨ ਤਾਰਨ, 26 ਮਾਰਚ (ਇਕਬਾਲ ਸਿੰਘ ਸੋਢੀ)-ਅੱਜ ਦੀ ਦੁਨੀਆ ਇਕ ਅਜਿਹੇ ਮੋੜ 'ਤੇ ਖੜ੍ਹੀ ਹੈ, ਜਿੱਥੇ ਵਿਗਿਆਨ ਨੇ ਤਰੱਕੀ ਤਾਂ ਬਹੁਤ ਕੀਤੀ ਹੈ ਪਰ ਮਨੁੱਖੀ ਸੰਵੇਦਨਾਵਾਂ ਦਮ ਤੋੜ ਰਹੀਆਂ ਹਨ | ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਵਲੋਂ ਅਕਸਰ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਕਿ 'ਅਸੀਂ ਇਸ ਦੇਸ਼ ਨੂੰ ਮਿਟਾ ਦਿਆਂਗੇ' ਜਾਂ ਸਾਡੇ ਕੋਲ ਸਭ ਤੋਂ ਮਾਰੂ ਹਥਿਆਰ ਹਨ | ਇਹ ਸੋਚ ਸਿਰਫ਼ ਰਾਜਨੀਤਿਕ ਹੰਕਾਰ ਨਹੀਂ, ਸਗੋਂ ਪੂਰੀ ਦੁਨੀਆ ਲਈ ਇਕ ਜਾਨਲੇਵਾ ਖ਼ਤਰਾ ਹੈ | ਇਹ ਪ੍ਰਗਟਾਵਾ ਸਮਾਜ ਸੇਵੀ ਠੇਕੇਦਾਰ ਅੰਮਿ੍ਤਪਾਲ ਸਿੰਘ ਜੌੜਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਲਈ ਜੰਗ ਇਕ ਕਾਰੋਬਾਰ ਬਣ ਚੁੱਕੀ ਹੈ | ਜਦੋਂ ਕਿਸੇ ਖੇਤਰ ਵਿਚ ਅਸ਼ਾਂਤੀ ਹੁੰਦੀ ਹੈ ਤਾਂ ਉੱਥੇ ਹਥਿਆਰਾਂ ਦੀ ਮੰਗ ਵਧਦੀ ਹੈ | ਅਰਬਾਂ ਡਾਲਰਾਂ ਦਾ ਇਹ ਅਸਲਾ ਸਿਰਫ਼ ਦੂਜੇ ਦੇਸ਼ਾਂ ਨੂੰ ਤਬਾਹ ਨਹੀਂ ਕਰਦਾ, ਸਗੋਂ ਮਨੁੱਖੀ ਅਧਿਕਾਰਾਂ ਦਾ ਬੇਰਹਿਮੀ ਨਾਲ ਘਾਣ ਕਰਦਾ ਹੈ | ਇਹ ਆਗੂ ਭੁੱਲ ਜਾਂਦੇ ਹਨ ਕਿ ਬੰਬਾਂ ਵਿਚੋਂ ਨਿਕਲਣ ਵਾਲਾ ਧੂੰਆਂ ਸਰਹੱਦਾਂ ਨਹੀਂ ਦੇਖਦਾ, ਉਹ ਪੂਰੀ ਦੁਨੀਆ ਦੀ ਹਵਾ ਨੂੰ ਜ਼ਹਿਰੀਲਾ ਕਰਦਾ ਹੈ, ਉਥੇ ਵਾਤਾਵਰਣ ਅਤੇ ਕਈ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ |